
ਮਦਨਪੁਰ ਚੌਂਕ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ ਵੱਲੋਂ ਚੌਂਕ ’ਤੇ ਲਗਾਈ ਕੰਢੇਦਾਰ ਤਾਰਾਂ ਵਿੱਚ ਉਲਝ ਕੇ ਲੜਕੀ ਜ਼ਖ਼ਮੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਸਥਾਨਕ ਫੇਜ਼-2,4, ਫੇਜ਼-3ਏ ਅਤੇ ਫੇਜ਼-3ਬੀ1 ਦੇ ਵਿਚਕਾਰ ਬਣੇ ਮਦਨਪੁਰ ਚੌਂਕ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ ਵਲੋੱ ਇਸ ਚੌਂਕ ਦੇ ਉਪਰ ਕੰਢੇਦਾਰ ਤਾਰਾਂ ਦੀ ਜਾਲ ਵਿਛਾਇਆ ਹੋਇਆ ਹੈ ਜਿਸ ਵਿੱਚ ਅਕਸਰ ਚੌਂਕ ਤੇ ਘੁੰਮਣ ਆਏ ਲੋਕ ਉਲਝ ਕੇ ਡਿੱਗ ਜਾਂਦੇ ਹਨ ਅਤੇ ਉਹਨਾਂ ਨੂੰ ਸੱਟਾਂ ਲੱਗ ਜਾਂਦੀਆਂ ਹਨ। ਇਸ ਚੌਂਕ ਵਿੱਚ ਪ੍ਰਸ਼ਾਸ਼ਨ ਵਲੋੱ ਫੁਹਾਰਾ ਵੀ ਲਗਾਇਆ ਗਿਆ ਹੈ ਅਤੇ ਗਰਮੀ ਦੇ ਮੌਸਮ ਵਿੱਚ ਰਾਤ ਵੇਲੇ ਇੱਥੇ ਸੈਰ ਕਰਨ ਲਈ ਆਉਣ ਵਾਲੇ ਲੋਕ (ਖਾਸ ਕਰਕੇ ਬੱਚੇ) ਚੌਂਕ ਤੇ ਚੜ੍ਹ ਜਾਂਦੇ ਹਨ ਪ੍ਰੰਤੂ ਇੱਥੇ ਲੱਗੀਆਂ ਇਹ ਕੰਢੇਦਾਰ ਤਾਰਾਂ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ।
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਮਦਨਪੁਰ ਵਿੱਚ ਰਹਿਣ ਵਾਲੀ ਇੱਕ ਨੌਜਵਾਨ ਲੜਕੀ (ਜੋ ਲੋਕਾਂ ਦੇ ਘਰ ਸਫਾਈ ਆਦਿ ਦਾ ਕੰਮ ਕਰਦੀ ਹੈ) ਇੱਥੇ ਲੱਗੀਆਂ ਤਾਰਾਂ ਕਾਰਣ ਜਖਮੀ ਹੋ ਗਈ। ਉਸਦੇ ਪੈਰ ਵਿੱਚ ਸੱਟ ਲੱਗੀ ਹੈ। ਸ੍ਰੀ ਵਰਮਾ ਨੇ ਕਿਹਾ ਕਿ ਨਗਰ ਨਿਗਮ ਵਲੋੱ ਫੇਜ਼-6 ਵਿੱਚ ਹਸਪਤਾਲ ਚਲਾਉਣ ਵਾਲੀ ਕੰਪਨੀ ਮੈਕਸ ਨੂੰ ਇਸ ਚੌਂਕ ਦੀ ਸਾਂਭ ਸੰਭਾਲ ਦਾ ਠੇਕਾ ਦਿੱਤਾ ਹੋਇਆ ਹੈ ਪ੍ਰੰਤੂ ਉਕਤ ਕੰਪਨੀ ਵੱਲੋਂ ਇਸ ਚੌਂਕ ਤੇ ਲੋਕਾਂ ਦਾ ਦਾਖਲਾ ਬੰਦ ਕਰਨ ਲਈ ਕੰਢੇਦਾਰ ਤਾਰ ਲਗਾ ਦਿੱਤੀ ਹੈ। ਇਸ ਸਬੰਧੀ ਉਹਨਾਂ ਨੇ ਅੱਜ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇਮੰਗ ਕੀਤੀ ਹੈ ਕਿ ਇਸ ਥਾਂ ਤੇ ਲੱਗੀਆਂ ਇਹ ਕੰਢੇਦਾਰ ਤਾਰਾਂ ਤੁਰੰਤ ਹਟਵਾਈਆਂ ਜਾਣ ਅਤੇ ਇਸ ਤਰੀਕੇ ਨਾਲ ਪਬਲਿਕ ਪਲੇਸ ਵਿੱਚ ਲੋਕਾਂ ਦਾ ਦਾਖਿਲਾ ਰੋਕਣ ਦੀ ਇਸ ਕਾਰਵਾਈ ਨੂੰ ਖਤਮ ਕਰਵਾਇਆ ਜਾਵੇ।