ਜਿਹੜੀ ਸਰਕਾਰ ਚਾਈਨਾ ਡੋਰ ਨਹੀਂ ਰੋਕ ਸਕਦੀ, ਨਸ਼ਾ ਤੇ ਅਪਰਾਧਾਂ ਨੂੰ ਕਿਵੇਂ ਰੋਕੇਗੀ: ਬੀਬੀ ਰਾਮੂਵਾਲੀਆ
ਨਬਜ਼-ਏ-ਪੰਜਾਬ, ਮੁਹਾਲੀ, 14 ਜਨਵਰੀ:
ਭਾਜਪਾ ਦੀ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਿਹੜੀ ਸਰਕਾਰ ਚਾਈਨਾ ਡੋਰ ਦੀ ਵਿੱਕਰੀ ਅਤੇ ਵਰਤੋਂ ਨਹੀਂ ਰੋਕ ਪਾ ਰਹੀ, ਉਹ ਨਸ਼ਿਆਂ ਅਤੇ ਅਪਰਾਧਾਂ ਨੂੰ ਕਿਵੇਂ ਰੋਕ ਸਕੇਗੀ। ਅੱਜ ਸੂਬੇ ਵਿੱਚ ਚਾਈਨਾ ਡੋਰ ਨਾਲ ਵਾਪਰ ਰਹੇ ਹਾਦਸਿਆਂ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਲੋਹੜੀ ਅਤੇ ਮਾਘੀ ਦੇ ਤਿਉਹਾਰ ’ਤੇ ਪਤੰਗਬਾਜ਼ੀ ਵਿੱਚ ਮਨਚਲਿਆਂ ਵੱਲੋਂ ਧੜੱਲੇ ਨਾਲ ਵਰਤੀ ਜਾ ਰਹੀ ਚਾਈਨਾ ਡੋਰ ਕਾਰਨ ਬੀਤੇ ਕੱਲ੍ਹ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਹਲਕਿਆਂ ਵਿੱਚ ਲੋਕ ਜ਼ਖ਼ਮੀ ਹੋਣ ਬਾਰੇ ਜਾਣਕਾਰੀ ਮਿਲੀ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਸ ਤੋਂ ਵੱਡੀ ਹੋਰ ਤ੍ਰਾਸਦੀ ਕੀ ਹੋਵੇਗੀ ਕਿ ‘ਆਪ’ ਸਰਕਾਰ ਨੇ ਐਲਾਨ ਕੀਤਾ ਸੀ ਉਹ ਚਾਈਨਾ ਡੋਰ ਨਹੀਂ ਵਿਕਣ ਦੇਵੇਗੀ, ਪਰ ਸਰਕਾਰ ਆਪਣੀ ਇਸ ਐਲਾਨ ’ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਕਿਹਾ ਕਿ ਗੱਪੀਆਂ ਦੀ ਸਰਕਾਰ ਜੋ ਪਾਬੰਦੀਸ਼ੁਦਾ ਚੀਜ਼ਾਂ ਦੁਕਾਨਾਂ ’ਤੇ ਵੇਚਣ ਉੱਤੇ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ, ਉਸ ਤੋਂ ਨਸ਼ਿਆਂ ਅਤੇ ਅਪਰਾਧਾਂ ਨੂੰ ਠੱਲ੍ਹ ਪਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੈ ਅਤੇ ਅਪਰਾਧਿਕ ਘਟਨਾਵਾਂ ਵਿੱਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ, ਜਿਸ ਕਾਰਨ ਸੂਬੇ ਦੇ ਲੋਕ ਸਹਿਮੇ ਹੋਏ ਹਨ।
ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਸਰਕਾਰ ਤੋਂ ਜਿੱਥੇ ਦਿੱਲੀ ਦੇ ਲੋਕਾਂ ਦਾ ਵੀ ਮੋਹ ਭੰਗ ਹੋ ਗਿਆ ਅਤੇ ਹੁਣ ਪੰਜਾਬ ਵਾਸੀ ਵੀ ਪਛਤਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀ ਫਰਵਰੀ ਵਿੱਚ ‘ਆਪ’ ਸਰਕਾਰ ਅਤੇ ਕੇਂਦਰੀ ਲੀਡਰਸ਼ਿਪ ਤੋਂ ਛੁਟਕਾਰਾ ਪਾਉਣ ਲਈ ਭਾਜਪਾ ਨਾਲ ਜੁੜਨੇ ਸ਼ੁਰੂ ਹੋ ਗਏ ਹਨ ਅਤੇ ਫਰਵਰੀ ਵਿੱਚ ਹੋਣ ਵਾਲੀਆਂ ਦਿੱਲੀ ਚੋਣਾਂ ਵਿੱਚ ‘ਆਪ’ ਦਾ ਮੁਕੰਮਲ ਫਸਾਇਆ ਹੋਣਾ ਲਗਪਗ ਤੈਅ ਹੈ। ਇਨ੍ਹਾਂ ਦਾ ਇਹੀ ਹਾਲ ਪੰਜਾਬ ਵਿੱਚ ਹੋਵੇਗਾ।