
ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਅੌਰਤਾਂ ਦੇ ਸਮੂਹ ਨੇ ਬੀੜਾ ਚੁੱਕਿਆ
ਜੰਗਲਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਅੌਰਤਾਂ ਦੇ ਸਮੂਹ ਵੱਲੋਂ ਜਾਗਰੂਕਤਾ ਦਾ ਹੋਕਾ
ਅਰਨਿਆਨੀ (ਵਣ ਦੇਵੀ) ਵੱਲੋਂ ਮੁਹਾਲੀ ਸਮੇਤ 11 ਜ਼ਿਲ੍ਹਿਆਂ ਵਿੱਚ ਲਗਾਏ ਪੌਦੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਡਾ. ਮੋਨਿਕਾ ਯਾਦਵ ਦੀ ਅਗਵਾਈ ਹੇਠ ਅੱਜ ਅਰਨਿਆਨੀ (ਵਣ ਦੇਵੀ) ਦੀ ਸ਼ੁਰੂਆਤ ਕੀਤੀ ਗਈ, ਜੋ ਇਕ ਅੌਰਤਾਂ ਦਾ ਸਮੂਹ ਹੈ। ਜਿਸ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਜੰਗਲਾਂ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਦਾ ਬੀੜਾ ਚੁੱਕਿਆ ਹੈ। ਅੌਰਤਾਂ ਦੇ ਇਸ ਸਮੂਹ ਨੇ ਅੱਜ ਮੁਹਾਲੀ ਵਿਖੇ ਵੱਖ-ਵੱਖ ਥਾਵਾਂ ’ਤੇ ਪੌਦੇ ਲਗਾਏ ਗਏ ਅਤੇ ਭਵਿੱਖ ਵਿੱਚ ਉਨ੍ਹਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨ ਦਾ ਪ੍ਰਣ ਕੀਤਾ।
ਵਣ ਮੰਡਲ ਅਫ਼ਸਰ (ਜੰਗਲੀ ਜੀਵ) ਡਾ. ਮੋਨਿਕਾ ਯਾਦਵ ਨੇ ਕਿਹਾ ਕਿ ਅੌਰਤਾਂ ਨੇ ਹਮੇਸ਼ਾ ਕੁਦਰਤ ਦੀ ਪਾਲਣ ਪੋਸ਼ਣ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ‘ਅਰਨਿਆਨੀ’ ਸਿਰਲੇਖ ਦਾ ਅਰਥ ਦੱਸਦਿਆਂ ਉਨ੍ਹਾਂ ਕਿਹਾ ਕਿ ਅਰਨਾਨੀ ਜੰਗਲਾਂ ਦੀ ਦੇਵੀ ਹੈ ਅਤੇ ਇਹ ਖ਼ਿਤਾਬ ਕਿਸੇ ਵੀ ਉਸ ਅੌਰਤ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੋ ਕੁਦਰਤ, ਪੌਦਿਆਂ ਅਤੇ ਜੰਗਲੀ ਜੀਵਾਂ ਦੀ ਦੇਖਭਾਲ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੌਰਤਾਂ ਦੇ ਇਸ ਸਮੂਹ ਨੇ ਅੱਜ ਮੁਹਾਲੀ ਤੋਂ ਇਲਾਵਾ 11 ਹੋਰ ਜ਼ਿਲ੍ਹਿਆਂ ਰੂਪਨਗਰ, ਸੰਗਰੂਰ, ਪਟਿਆਲਾ, ਮਾਨਸਾ, ਮੁਕਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਵਿਖੇ ਤ੍ਰਿਵੇਣੀ ਦੇ ਨਾਲ-ਨਾਲ ਪੰਚਵਤੀ ਦੇ 5 ਹਜ਼ਾਰ ਪੌਦੇ ਲਗਾਏ ਗਏ।
ਇਸ ਵਿਸ਼ੇਸ਼ ਪਹਿਲਕਦਮੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਸ੍ਰੀਮਤੀ ਸੰਗੀਤਾ ਕੁਮਾਰ ਨੇ ਅਰਨਿਆਨੀ (ਵਣ ਦੇਵੀ) ਦਾ ਲੋਗੋ ਲਾਂਚ ਕਰਦਿਆਂ ਕਿਹਾ ਕਿ ਅਰਨਿਆਨੀ ਧਰਤੀ ਉੱਤੇ ਜੀਵਨ ਨੂੰ ਭੋਜਨ ਅਤੇ ਪਨਾਹ ਦੇਣ ਦੀ ਭਾਵਨਾ ਹੈ, ਜੋ ਮਾਂ ਦੇ ਰੂਪ ਵਿੱਚ ਇਕ ਸਭ ਤੋਂ ਪਵਿੱਤਰ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਤ੍ਰਿਵੇਣੀ ਅਤੇ ਪੰਚਵਤੀ ਦੇ ਦਰੱਖਤ ਲਗਾਉਣ ਨਾਲ ਅਸੀਂ ਚੰਗਿਆਈ ਦੀ ਬਿਜਾਈ ਕਰਦੇ ਹਾਂ ਜੋ ਕੁਦਰਤ ਦੇ ਬੱਚਿਆਂ ਨੂੰ ਰੰਗਤ ਪ੍ਰਦਾਨ ਕਰੇਗੀ।