
ਚਲਦੀ ਕਾਰ ’ਤੇ ਡਿੱਗਿਆ ਭਾਰੀ ਦਰਖ਼ਤ, ਜਾਨੀ ਨੁਕਸਾਨ ਤੋਂ ਬਚਾਅ
ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਇੱਥੋਂ ਦੇ ਫੇਜ਼-4 ਦੀ ਮਾਰਕੀਟ ਤੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵੱਲ ਜਾਂਦੀ ਸੜਕ ਦੇ ਕਿਨਾਰੇ ਖੜ੍ਹਾ ਇੱਕ ਭਾਰੀ ਦਰਖ਼ਤ ਉੱਥੋਂ ਲੰਘ ਰਹੀ ਇੱਕ ਕਾਰ ਦੇ ਉੱਤੇ ਡਿੱਗ ਗਿਆ। ਇਸ ਹਾਦਸੇ ਵਿੱਚ ਦੌਰਾਨ ਭਾਵੇਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਇਲਾਕੇ ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਦੱਸਿਆ ਕਿ ਸਥਾਨਕ ਫੇਜ਼-4 ਦਾ ਇੱਕ ਪਰਿਵਾਰ ਲੰਘੀ ਰਾਤ ਕਰੀਬ 9.30 ਵਜੇ ਡਿਨਰ ਕਰਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਉਨ੍ਹਾਂ ਦੀ ਕਾਰ ਉੱਤੇ ਇੱਕ ਭਾਰੀ ਦਰਖ਼ਤ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਹੈ ਪਰ ਸਵਾਰੀਆਂ ਦਾ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੋਰਨਾਂ ਥਾਵਾਂ ’ਤੇ ਵੀ ਬਹੁਤ ਪੁਰਾਣੇ ਅਤੇ ਉੱਚੇ ਲੰਮੇ ਦਰਖਤ ਖੜੇ ਹਨ, ਵੱਡੇ ਦਰਖ਼ਤਾਂ ਦੀ ਉੱਪਰੋਂ ਛੰਗਾਈ ਨਾ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਦਰਖ਼ਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੁੱਟ ਕੇ ਨਵੇਂ ਦਰਖ਼ਤ ਲਗਾਏ ਜਾਣ ਜਾਂ ਘੱਟੋ-ਘੱਟ ਉਨ੍ਹਾਂ ਨੂੰ ਉੱਤੋਂ ਜ਼ਰੂਰ ਛਾਂਗਿਆ ਜਾਵੇ।