
ਨੇਚਰ ਪਾਰਕ ਦੇ ਪਿੱਛੇ ਪੱਤਿਆਂ ਦੇ ਢੇਰ ਨੂੰ ਲੱਗੀ ਭਿਆਨਕ ਅੱਗ
ਭਿਆਨਕ ਅੱਗ ਲੱਗਣ ਨਾਲ ਕਾਫੀ ਦਰਖ਼ਤ ਸੜੇ
ਨਬਜ਼-ਏ-ਪੰਜਾਬ, ਮੁਹਾਲੀ, 27 ਅਪਰੈਲ:
ਮੁਹਾਲੀ ਦੇ ਨੇਚਰ ਪਾਰਕ ਦੇ ਪਿੱਛਲੇ ਹਿੱਸੇ ‘ਚ ਦਰਖ਼ਤਾਂ ਦੇ ਪੱਤਿਆਂ ਦੇ ਢੇਰਾਂ ‘ਚ ਅਚਾਨਕ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਵਿੱਚ ਕਈ ਦਰਖ਼ਤ ਵੀ ਸੜ ਗਏ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਅਜੇ ਤੈਅ ਨਹੀਂ ਹੋ ਸਕਿਆ ਕਿ ਅੱਗ ਆਪਣੇ ਆਪ ਲੱਗੀ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਲਗਾਈ ਗਈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅੱਜ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ਇਹ ਵੇਖਦੇ ਆਂ ਇਹੀ ਜਾਪਦਾ ਹੈ ਕਿ ਇਹ ਸਾਜਸ਼ੀ ਤੌਰ ਤੇ ਅੱਗ ਲਗਾਈ ਗਈ ਹੈ। ਕਿਉਂਕਿ ਇੱਥੇ ਨਸ਼ੇੜੀ ਬੈਠੇ ਰਹਿੰਦੇ ਹਨ ਅਤੇ ਉਨ੍ਹਾਂ ਵੱਲੋਂ ਹੀ ਇਸ ਕਾਰੇ ਨੂੰ ਅੰਜ਼ਾਮ ਦਿੱਤਾ ਗਿਆ ਹੈ ਪਰ ਇਹ ਬਹੁਤ ਮਾੜੀ ਅਤੇ ਮੰਦਭਾਗੀ ਗੱਲ ਹੈ ਕਿਉਂਕਿ ਇਸ ਨਾਲ ਦਰਖਤ ਵੀ ਸੜੇ ਹਨ। ਉਹਨਾਂ ਮੰਗ ਕੀਤੀ ਕਿ ਗਮਾਡਾ ਵਿਸ਼ੇਸ਼ ਤੌਰ ਤੇ ਮੁਹਾਲੀ ਨਗਰ ਨਿਗਮ ਨੂੰ ਜਗ੍ਹਾ ਦੇਵੇ ਜਿੱਥੇ ਖਾਸ ਤੌਰ ਤੇ ਦਰਖਤਾਂ ਦੇ ਪੱਤੇ ਸਟੋਰ ਕੀਤੇ ਜਾ ਸਕਣ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚਾਹੇ ਅੱਗ ਆਪਣੇ ਆਪ ਲੱਗੀ ਹੋਵੇ ਜਾਂ ਸਾਜ਼ਿਸ਼ ਜਾਂ ਸ਼ਰਾਰਤ ਦੇ ਤੌਰ ‘ਤੇ ਲਗਾਈ ਗਈ ਹੋਵੇ, ਦੋਹਾਂ ਹਾਲਤਾਂ ‘ਚ ਮੁਹਾਲੀ ‘ਚ ਪ੍ਰਦੂਸ਼ਣ ਪੱਧਰ ਚਿੰਤਾਜਨਕ ਹੱਦ ਤੱਕ ਵਧ ਗਿਆ ਹੈ। ਜ਼ਹਿਰੀਲੇ ਧੂੰਏਂ ਕਾਰਨ ਇਲਾਕੇ ਦੀ ਹਵਾ ਗੰਭੀਰ ਤਰੀਕੇ ਨਾਲ ਪ੍ਰਦੂਸ਼ਤ ਹੋ ਰਹੀ ਹੈ, ਜੋ ਸਿਹਤ ਲਈ ਵੱਡਾ ਖ਼ਤਰਾ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਗੌਰ ਕਰਨ ਵਾਲੀ ਗੱਲ ਹੈ ਕਿ ਬੀਤੇ ਦਿਨ ਮੌਲੀ ਵੈਦਵਾਨ ਪੁਆਇੰਟ ‘ਤੇ ਵੀ ਅਜਿਹੀ ਹੀ ਭਿਆਨਕ ਅੱਗ ਲੱਗੀ ਸੀ, ਜਿਸ ਦੌਰਾਨ ਫਾਇਰ ਬ੍ਰਿਗੇਡ ਦੀਆਂ 20 ਤੋਂ ਵੱਧ ਗੱਡੀਆਂ ਨੇ ਵੱਡੀ ਮਿਹਨਤ ਕਰਕੇ ਅੱਗ ‘ਤੇ ਕਾਬੂ ਪਾਇਆ ਸੀ।
ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ, ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦਰਖ਼ਤਾਂ ਦੇ ਪੱਤਿਆਂ ਅਤੇ ਹਰੇ ਕੂੜੇ ਦੀ ਸੰਭਾਲ ਲਈ ਤੁਰੰਤ ਢੁਕਵਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਭਵਿੱਖ ‘ਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਮੁਹਾਲੀ ਦੀ ਹਵਾ ਨੂੰ ਬਚਾਇਆ ਜਾ ਸਕੇ।