Nabaz-e-punjab.com

ਤੰਬਾਕੂ ਰੋਕਥਾਮ ਮੁਹਿੰਮ ਤਹਿਤ ਸਿਹਤ ਵਿਭਾਗ ਤੇ ਪੁਲੀਸ ਦੀ ਸਾਂਝੀ ਟੀਮ ਲਾਂਡਰਾਂ ਵਿੱਚ ਦੁਕਾਨਾਂ ’ਤੇ ਛਾਪੇਮਾਰੀ

ਸਿਹਤ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 18 ਵਿਅਕਤੀਆਂ ਦੇ ਕੀਤੇ ਚਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਤੰਬਾਕੂ ਰੋਕਥਾਮ ਮੁਹਿੰਮ ਨੂੰ ਤੇਜ਼ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਲਾਂਡਰਾਂ ਵਿੱਚ ਕਰਿਆਨਾ, ਕਨਫ਼ੈਕਸ਼ਨਰੀ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਜਾਂਚ-ਪੜਤਾਲ ਕੀਤੀ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚਣ ਦੇ ਦੋਸ਼ ਹੇਠ 18 ਚਲਾਨ ਕੱਟੇ। ਵੱਖ-ਵੱਖ ਦੁਕਾਨਾਂ ’ਤੇ ਉਕਤ ਕਾਨੂੰਨ ਤੋਂ ਉਲਟ ਜਾ ਕੇ ਸਿਗਰਟ, ਬੀੜੀ, ਖੈਨੀ ਤੇ ਹੋਰ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਕਈ ਦੁਕਾਨਦਾਰਾਂ ਕੋਲ ਤੰਬਾਕੂ ਪਦਾਰਥ ਵੇਚਣ ਦਾ ਲਾਇਸੰਸ ਨਹੀਂ ਸੀ ਅਤੇ ਕਰਿਆਨੇ ਦੀਆਂ ਦੋ ਦੁਕਾਨਾਂ ’ਤੇ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ, ਜੋ ਕਾਨੂੰਨਨ ਵਰਜਿਤ ਹੈ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਦਾ ਸਹਿਯੋਗ ਲੈਂਦਿਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਛਾਪੇ ਮਾਰੇ ਅਤੇ ਮੌਕੇ ’ਤੇ ਹੀ 3200 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਤੇ ਗ਼ੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਤੰਬਾਕੂ ਪਦਾਰਥਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦੁਕਾਨਾਂ ’ਤੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ, ਜਦਕਿ ਇਕ ਦੁਕਾਨ ’ਤੇ ਪਾਬੰਦੀਸ਼ੁਦਾ ਖ਼ੁਸ਼ਬੂਦਾਰ ਤੰਬਾਕੂ ਵੇਚਿਆ ਜਾ ਰਿਹਾ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਵਿਚ ਤੰਬਾਕੂ ਪਦਾਰਥ ਵੇਚਣਾ ਗ਼ੈਰ-ਕਾਨੂੰਨੀ ਹੈ। ਕੁਝ ਦੁਕਾਨਾਂ ਕੋਲ ਯੋਗ ਵਿਕਰੀ ਲਾਇਸੰਸ ਵੀ ਨਹੀਂ ਸਨ। ਕੁਝ ਦੁਕਾਨਾਂ ’ਚੋਂ ਵਿਦੇਸ਼ੀ ਸਿਗਰਟਾਂ ਦੇ ਪੈਕੇਟ ਬਰਾਮਦ ਕੀਤੇ ਗਏ। ਜਿਨ੍ਹਾਂ ’ਤੇ ਕੋਈ ਚਿਤਾਵਨੀ ਚਿੰਨ੍ਹ ਨਹੀਂ ਸੀ। ਇਹ ਚਲਾਨ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ 2003 (ਕੋਟਪਾ) ਦੀ ਧਾਰਾ 4 ਅਤੇ 6 ਤਹਿਤ ਕੱਟੇ ਗਏ। ਡਾ. ਭਾਰਦਵਾਜ ਨੇ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਦਸਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਕਾਰਵਾਈ ਤੋਂ ਪਹਿਲਾਂ ਲਾਂਡਰਾਂ ਦੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਾਗਰੂਕਤਾ ਪੈਂਫ਼ਲੈਂਟ ਵੀ ਵੰਡੇ ਗਏ।
ਜ਼ਿਕਰਯੋਗ ਹੈ ਕਿ ਕੋਟਪਾ ਕਾਨੂੰਨ ਤਹਿਤ ਦੁਕਾਨਦਾਰ ਕੋਲ ਤੰਬਾਕੂ ਪਦਾਰਥ ਵੇਚਣ ਲਈ ਲਾਇਸੰਸ ਹੋਣਾ ਲਾਜ਼ਮੀ ਹੈ। ਵੇਚੇ ਜਾਣ ਵਾਲੇ ਤੰਬਾਕੂ ਪਦਾਰਥਾਂ ਦਾ ਕਵਰ 85 ਫੀਸਦੀ ਚਿਤਾਵਨੀ ਚਿੰਨ੍ਹਾਂ ਨਾਲ ਢਕਿਆ ਹੋਣਾ ਚਾਹੀਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਕਿਸੇ ਵੀ ਹਾਲਤ ਵਿੱਚ ਵੇਚੇ ਨਹੀਂ ਜਾ ਸਕਦੇ ਅਤੇ ਸਕੂਲ ਦੀ ਚਾਰਦੀਵਾਰੀ ਦੇ ਬਾਹਰ 10 ਗਜ਼ ਦੇ ਘੇਰੇ ਵਿਚ ਵੀ ਤੰਬਾਕੂ ਪਦਾਰਥ ਵੇਚੇ ਨਹੀਂ ਜਾ ਸਕਦੇ। ਜਾਂਚ ਟੀਮ ਵਿੱਚ ਜ਼ਿਲ੍ਹਾ ਤੰਬਾਕੂ ਕੰਟਰੋਲ ਅਫ਼ਸਰ ਡਾ. ਆਰਪੀ ਸਿੰਘ, ਡਾ. ਰੁਪਿੰਦਰ ਕੌਰ, ਫੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ, ਦਿਨੇਸ਼ ਚੌਧਰੀ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਆਦਿ ਸ਼ਾਮਿਲ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…