
ਨਿਰਮਾਣ ਕੰਪਨੀ ਵੱਲੋਂ ਕਬਜ਼ੇ ’ਚ ਲਈ ਸੜਕ ਦਾ ਵੱਡਾ ਹਿੱਸਾ ਧਸਿਆ, ਹਾਦਸਾ ਵਾਪਰਨ ਦਾ ਖ਼ਦਸ਼ਾ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਇੱਥੋਂ ਦੇ ਫੇਜ਼-6 ਸਥਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਏਸੀ ਬੱਸ ਅੱਡੇ ਦੇ ਨਾਲ ਲਗਦੀ ਸੜਕ ਦਾ ਵੱਡਾ ਹਿੱਸਾ ਧਸ ਗਿਆ ਹੈ। ਜਿਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਬੱਸ ਅੱਡੇ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਸਮੇਂ ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ
ਏਸੀ ਬੱਸ ਅੱਡਾ ਬਣਾਇਆ ਗਿਆ ਸੀ। ਬੱਸ ਅੱਡੇ ਦੀ ਉਸਾਰੀ ਸਮੇਂ ਨਿਰਮਾਣ ਕੰਪਨੀ ਵੱਲੋਂ ਸੜਕ ਦਾ ਅੱਧਾ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਕੇ ਟੀਨ ਲਗਾ ਕੇ ਪਰਦਾ ਕੀਤਾ ਗਿਆ ਸੀ ਲੇਕਿਨ ਬੱਸ ਅੱਡੇ ਦੇ ਨਿਰਮਾਣ ਤੋਂ ਬਾਅਦ ਕਬਜ਼ੇ ਵਿੱਚ ਲਈ ਸੜਕ ਨੂੰ ਆਵਾਜਾਈ ਲਈ ਨਹੀਂ ਖੋਲਿਆ ਗਿਆ। ਜਿਸ ਕਾਰਨ ਹੁਣ ਉਕਤ ਸੜਕ ਦਾ ਵੱਡਾ ਹਿੱਸਾ ਧਸ ਗਿਆ ਹੈ ਅਤੇ ਸੜਕ ਵਿੱਚ ਵੱਡਾ ਖਾਰ ਪੈ ਗਿਆ ਹੈ। ਜਿਸ ਕਾਰਨ ਇੱਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਡਿਪਟੀ ਮੇਅਰ ਨੇ ਦੱਸਿਆ ਕਿ ਬੱਸ ਅੱਡੇ ਦੀ ਉਸਾਰੀ ਕਰਨ ਵਾਲੀ ਪ੍ਰਾਈਵੇਟ ਕੰਪਨੀ ਵੱਲੋਂ ਗਮਾਡਾ ਕੋਲੋਂ ਸੜਕ ਦਾ ਇੱਕ ਪਾਸਾ ਆਪਣੇ ਕਬਜ਼ੇ ਵਿੱਚ ਲਿਆ ਗਿਆ ਸੀ। ਹਾਲਾਂਕਿ ਪਿਛਲੀ ਅਕਾਲੀ ਸਰਕਾਰ ਸਮੇਂ ਚੋਣਾਂ ਦਾ ਲਾਹਾ ਲੈਣ ਲਈ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਧੇ ਅਧੂਰੇ ਬੱਸ ਅੱਡੇ ਦਾ ਜਲਦਬਾਜ਼ੀ ਵਿੱਚ ਉਦਘਾਟਨ ਤਾਂ ਕਰ ਦਿੱਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਨਾ ਤਾਂ ਏਸੀ ਬੱਸ ਅੱਡਾ ਸਹੀ ਤਰੀਕੇ ਨਾਲ ਚੱਲ ਸਕਿਆ ਅਤੇ ਨਾ ਹੀ ਕਬਜ਼ੇ ਵਿੱਚ ਲਈ ਸੜਕ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਬੇਦੀ ਨੇ ਕਿਹਾ ਕਿ ਉਹ ਪਹਿਲਾਂ ਵੀ ਸੜਕ ਦਾ ਮੁੱਦਾ ਚੁੱਕ ਚੁੱਕੇ ਹਨ। ਵੱਡੀ ਗਿਣਤੀ ਲੋਕਾਂ ਨੇ ਆਪਣੇ ਖੂਨ-ਪਸੀਨੇ ਦੀ ਕਮਾਈ ਖ਼ਰਚ ਕਰਕੇ ਇੱਥੇ ਬੂਥ\ਦੁਕਾਨਾਂ ਲਈਆਂ ਸਨ ਲੇਕਿਨ ਨਿਵੇਸ਼ਕਾਂ ਦਾ ਸਾਰਾ ਪੈਸਾ ਬਰਬਾਦ ਹੋ ਗਿਆ ਅਤੇ ਮੌਜੂਦਾ ਸਮੇਂ ਵਿੱਚ ਕੰਪਨੀ ਖ਼ਿਲਾਫ਼ ਕਈ ਕੇਸ ਅਦਾਲਤ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਸੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਬਰਸਾਤ ਦੇ ਦਿਨਾਂ ਵਿੱਚ ਸੜਕ ਧਸ ਸਕਦੀ ਹੈ ਅਤੇ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਉੱਚ ਅਦਾਲਤ ਦਾ ਬੂਹਾ ਖੜਕਾਉਣਗੇ।