ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

ਕੌਮ ’ਚ ਪਾਟੋਧਾੜ ਖ਼ਤਮ ਕਰਨ ਲਈ ਡੇਰਿਆਂ ਦਾ ਭੋਗ ਪਾਉਣ ਲਈ ਜਥੇਦਾਰ ਫੁਰਮਾਨ ਜਾਰੀ ਕਰਨ: ਪੁਰਖਾਲਵੀ

ਨਬਜ਼-ਏ-ਪੰਜਾਬ, ਮੁਹਾਲੀ, 17 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘੁਬੀਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੌਮ ਦੇ ਨਿਘਾਰ ਨੂੰ ਠੱਲ੍ਹ ਪਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਸਥਾਪਿਤ ਗੁਰਦੁਆਰਾ ਸਾਹਿਬਾਨਾਂ ਦੇ ਸਮਾਨੰਤਰ ਲਗਾਤਾਰ ਤੇਜ਼ੀ ਨਾਲ ਬਾਬਿਆਂ ਦੇ ਡੇਰੇ ਆਬਾਦ ਹੋ ਰਹੇ ਹਨ, ਜੋ ਸਿੱਖੀ ਸਿਧਾਂਤਾਂ ਨੂੰ ਤਾਂ ਢਾਹ ਲਗਾ ਹੀ ਰਹੇ ਹਨ, ਭੋਲੇ ਭਾਲੇ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾ ਕੇ ਕੁਰਾਹੇ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਨ੍ਹਾਂ ਜਥੇਦਾਰ ਤੋਂ ਮੰਗ ਕੀਤੀ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਠੋਸ ਕਦਮ ਚੁੱਕੇ ਜਾਣ।
ਅਕਾਲੀ ਆਗੂ ਨੇ ਕਿਹਾ ਕਿ ਵੋਟਾਂ ਦੀ ਖੇਤੀ ਕਰਨ ਲਈ ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਵੀ ਅਜਿਹੇ ਡੇਰਿਆਂ ਨੂੰ ਉਭਾਰਨ ਲਈ ਆਪੋ-ਆਪਣਾ ਭਰਪੂਰ ਯੋਗਦਾਨ ਪਾਇਆ ਗਿਆ ਹੈ। ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਉਹ ਇਸ ਤ੍ਰਾਸਦੀ ਤੋਂ ਕਾਫ਼ੀ ਚਿੰਤਾ ਮਹਿਸੂਸ ਕਰਦੇ ਹਨ, ਜਿਸ ਕਾਰਨ ਅਜੋਕੇ ਸਮੇਂ ਦੀ ਤ੍ਰਾਸਦੀਆਂ ਅਤੇ ਚੁਨੌਤੀਆਂ ਨੂੰ ਸਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਜਿਹੇ ਡੇਰਿਆਂ ਅਤੇ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਸਬੰਧੀ ਤਾਜ਼ਾ ਆਦੇਸ਼ ਜਾਰੀ ਕੀਤੇ ਜਾਣ।
ਸਿੰਘ ਸਾਹਿਬ ਦੇ ਨਾਮ ਭੇਜੇ ਪੱਤਰ ਵਿੱਚ ਸ੍ਰੀ ਪੁਰਖਾਲਵੀ ਨੇ ਮੰਗ ਕੀਤੀ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਖੰਡੇ ਬਾਟੇ ਦੇ ਅੰਮ੍ਰਿਤ ਰਾਹੀਂ ਕੌਮ ਨੂੰ ਇੱਕ ਨਿਸ਼ਾਨ, ਇੱਕ ਸਥਾਨ ’ਤੇ ਇਕੱਤਰ ਕਰਨ ਦੇ ਫ਼ਲਸਫ਼ੇ ਨੂੰ ਵੱਖ-ਵੱਖ ਪਿੰਡਾਂ ਵਿੱਚ ਜਾਤ ਆਧਾਰਿਤ ਬਣਾਏ ਗਏ ਗੁਰਦੁਆਰਾ ਸਾਹਿਬਾਨ ਅਤੇ ਜਾਤ ਆਧਾਰਿਤ ਸਮਸ਼ਾਨਘਾਟਾਂ ਨੂੰ ਇੱਕ ਕਰਨ ਸਬੰਧੀ ਆਦੇਸ਼ ਫੁਰਮਾਨ ਜਾਰੀ ਕੀਤੇ ਜਾਣ ਤਾਂ ਜੋ ਕੌਮ ਦਰਪੇਸ਼ ਚੁਨੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਫ਼ੈਸਲੇ ਪ੍ਰਤੀ ਜਥੇਦਾਰ ਸਾਹਿਬ ਨੂੰ ਅੱਗੇ ਆਕੇ ਖੇਰੂੰ ਖੇਰੂੰ ਹੋ ਰਹੀ ਕੌਮ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਅਤੇ ਇਸ ਦੇ ਹਰ ਆਦੇਸ਼ ਨੂੰ ਮੰਨਣ ਲਈ ਹਰ ਪ੍ਰਾਣੀ ਪਾਬੰਦ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…