‘ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ’ ਬਾਰੇ ਕੀਤੀ ਲੰਬੀ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਜ਼ਿਲ੍ਹਾ ਭਾਸ਼ਾ ਅਫ਼ਸਰ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਪੁਆਧੀ ਮੰਚ ਮੁਹਾਲੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲੜੀ ਤਹਿਤ ਪੁਆਧੀ ਉਪਭਾਸ਼ਾ ਬਾਰੇ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਕੀਤੀ ਜਦੋਂਕਿ ਉੱਘੇ ਨਾਵਲਕਾਰ ਜਸਬੀਰ ਮੰਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਹੋਇਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੁਆਧੀ ਉਪਭਾਸ਼ਾ ਦੀ ਆਪਣੀ ਵੱਖਰੀ ਨੁਹਾਰ ਹੈ। ਉਨ੍ਹਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ।
ਪਰਚਾ ਲੇਖਕ ਮੋਹਿਨੀ ਤੂਰ ਨੇ ‘ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪੁਆਧੀ ਅਖਾੜਾ ਪਰੰਪਰਾ ਦਾ ਯੋਗਦਾਨ’ ਵਿਸ਼ੇ ਖੋਜ ਭਰਪੂਰ ਪਰਚਾ ਪੜ੍ਹਿਆ। ਉਨ੍ਹਾਂ ਨੇ ਉੱਤਰੀ ਅਤੇ ਪੱਛਮੀ ਪੁਆਧੀ ਦੀਆਂ ਵਿਭਿੰਨਤਾਵਾਂ ਅਤੇ ਸਮਾਨਤਾਵਾਂ ਦੇ ਸਮਾਨਾਂਤਰ ਵਿਕਾਸ ਬਾਰੇ ਗੱਲ ਕਰਦਿਆਂ ਭਗਤ ਆਸਾ ਰਾਮ ਬੈਦਵਾਨ ਦੀ ਅਖਾੜਾ ਪਰੰਪਰਾ ਬਾਰੇ ਚਰਚਾ ਕੀਤੀ। ਡਾ. ਗੁਰਮੀਤ ਸਿੰਘ ਬੈਦਵਾਨ ਨੇ ‘ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪੁਆਧੀ ਉਪਭਾਸ਼ਾ ਦਾ ਯੋਗਦਾਨ’ ਵਿਸ਼ੇ ਬਾਰੇ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਪੁਆਧੀ ਉਪਭਾਸ਼ਾ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਦੀ ਗੱਲ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਪਿੜ ਅੰਦਰ ਪੁਆਧੀ ਉਪਭਾਸ਼ਾ ਦੀ ਵਿਲੱਖਣਤਾ ਦੀ ਨਿਸ਼ਾਨਦੇਹੀ ਕੀਤੀ।
ਡਾ. ਆਤਮਜੀਤ ਅਨੁਸਾਰ ਕਿਸੇ ਵੀ ਬੋਲੀ ਉੱਤੇ ਭੂਗੋਲਿਕ ਅਤੇ ਰਾਜਨੀਤਕ ਹਾਲਤਾਂ ਦੇ ਨਾਲ-ਨਾਲ ਬੁਲਾਰਿਆਂ ਦੇ ਜਜ਼ਬਾਤੀ ਪੱਖ ਦਾ ਵੀ ਪੂਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਅਸੀਂ ਭਾਸ਼ਾ ਨੂੰ ਜਿਉਂਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਨੂੰ ਮਾਤ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਖੋਜ ਸਕਦਾ। ਉੱਘੇ ਨਾਵਲਕਾਰ ਜਸਬੀਰ ਮੰਡ ਨੇ ਕਿਹਾ ਕਿ ਪੁਆਧੀ ਉਪਭਾਸ਼ਾ ਦੇ ਵਿਕਾਸ ਲਈ ਸਾਨੂੰ ਖੋਜ ਤੇ ਸਿਰਜਣਾ ਦਾ ਰਾਹ ਅਪਣਾਉਣਾ ਪਵੇਗਾ ਅਤੇ ਉਸਾਰੂ ਸਾਹਿਤ ਸਿਰਜਣਾ ਸਮੇਂ ਦੀ ਮੁੱਖ ਮੰਗ ਹੈ। ਤੁਹਾਡੇ ਖਿੱਤੇ ਦੀ ਖੁਸ਼ਬੋਈ ਤੁਹਾਡੀ ਸ਼ਖ਼ਸੀਅਤ ’ਚੋਂ ਆਉਣੀ ਚਾਹੀਦੀ ਹੈ। ਰਬਿੰਦਰ ਸਿੰਘ ਰੱਬੀ ਅਨੁਸਾਰ ਪੁਆਧੀ ਬੋਲੀ ਨੂੰ ਪੰਜਾਬ ਦੀ ਮੁੱਖ ਧਾਰਾ ਤੋਂ ਪਾਸੇ ਹੀ ਰੱਖਿਆ ਗਿਆ ਹੈ।
ਗੁਰਪ੍ਰੀਤ ਸਿੰਘ ਨਿਆਮੀਆਂ ਅਨੁਸਾਰ ਹੁਣ ਪੁਆਧੀ ਉਪਭਾਸ਼ਾ ਬਾਰੇ ਗੱਲ ਆਰੰਭ ਹੋਈ ਹੈ ਜੋ ਭਵਿੱਖ ਲਈ ਸ਼ੁੱਭ ਸੰਕੇਤ ਹੈ। ਸਾਨੂੰ ਆਪਣੇ ਵਿਲੱਖਣ ਰੰਗ ’ਤੇ ਮਾਣ ਹੋਣਾ ਚਾਹੀਦਾ ਹੈ। ਸਤਵਿੰਦਰ ਸਿੰਘ ਧੜਾਕ ਨੇ ਕਿਹਾ ਕਿ ਇਲਕਾਈ ਬੋਲੀਆਂ ਦੇ ਵਿਕਾਸ ਨਾਲ ਹੀ ਮੁੱਖ ਬੋਲੀ ਦਾ ਵਿਕਾਸ ਸੰਭਵ ਹੈ। ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਰੀਆਂ ਹੀ ਉਪ-ਭਾਸ਼ਾਵਾਂ ਮਾਣਯੋਗ ਹਨ। ਸਾਨੂੰ ਕਿਸੇ ਬੋਲੀ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਚਾਹੀਦਾ ਹੈ।

ਇਸ ਵਿਚਾਰ ਚਰਚਾ ਵਿੱਚ ਬਲਦੇਵ ਸਿੰਘ ਬਿੰਦਰਾ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਹਰਪਾਲ ਸਿੰਘ, ਭੁਪਿੰਦਰ ਸਿੰਘ ਮਟੌਰੀਆ, ਸਰਦਾਰਾ ਸਿੰਘ ਚੀਮਾ, ਦਿਲਬਾਗ ਸਿੰਘ, ਰਘਬੀਰ ਭੁੱਲਰ, ਭਗਵੰਤ ਸਿੰਘ, ਵਿੱਕੀ ਸਿੰਘ, ਜਰਨੈਲ ਹੁਸ਼ਿਆਰਪੁਰੀ, ਸੁਖਵੀਰ ਸਿੰਘ ਖਾਨਪੁਰ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਹਿੱਸਾ ਲਿਆ। ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁੱਖ ਮਹਿਮਾਨ ਅਤੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਨੇ ਬਾਖ਼ੂਬੀ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…