ਗੁਪਤ ਦਾਨੀ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਮਹਿੰਦਰਾ ਮਰਾਜ਼ੋ ਗੱਡੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਇੱਥੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਕਿਸੇ ਗੁਪਤ ਦਾਨੀ ਸੱਜਣ ਵੱਲੋਂ ਏਅਰਕੰਡੀਸ਼ਨ ਟਾਪ ਮਾਡਲ ਮਹਿੰਦਰਾ ਮਰਾਜ਼ੋ ਗੱਡੀ ਭੇਟ ਕੀਤੀ ਗਈ। ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ਗੱਡੀ ਦੇ ਸ਼ੀਸ਼ੇ ਹੇਠਾਂ ਕਰਕੇ ਚਾਬੀ ਵਿੱਚ ਹੀ ਲਗਾ ਕੇ ਨਿਸ਼ਾਨ ਸਾਹਿਬ ਦੇ ਬਿਲਕੁਲ ਨੇੜੇ ਖੜ੍ਹੀ ਕਰਕੇ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ। ਪਹਿਰੇਦਾਰ ਨੇ ਪ੍ਰਬੰਧਕਾਂ ਨੂੰ ਨਵੀਂ ਗੱਡੀ ਖੜੀ ਹੋਣ ਬਾਰੇ ਦੱਸਿਆ ਗਿਆ। ਗੱਡੀ ਦੇ ਸਾਰੇ ਦਸਤਾਵੇਜ਼ ਅਤੇ ਬੀਮਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹਨ।
ਸੇਵਾਦਾਰਾਂ ਨੇ ਦੱਸਿਆ ਕਿ ਗੱਡੀ ਦੀਆਂ ਪਿਛਲੀਆਂ ਸੀਟਾਂ ਕਢਵਾ ਕੇ ਸੁਨਹਿਰੀ ਮੀਨਾਕਾਰੀ ਵਾਲੀ ਸੁੰਦਰ ਪਾਲਕੀ ਸਾਹਿਬ ਦੀ ਸੈਟਿੰਗ ਕੀਤੀ ਹੋਈ ਹੈ, ਪਾਲਕੀ ਸਾਹਿਬ ਨੂੰ ਸੁੰਦਰ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਨਾਲ ਸਜਾਇਆ ਹੋਇਆ ਹੈ। ਦਸਤਾਵੇਜ਼ਾਂ ਮੁਤਾਬਕ ਗੱਡੀ ਦੀ ਕੀਮਤ 19 ਲੱਖ 80 ਹਜ਼ਾਰ ਰੁਪਏ ਹੈ। ਦਾਨੀ ਸੱਜਣ ਵੱਲੋਂ ਗੱਡੀ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਇਕੱਠੇ ਹੋ ਕੇ ਪਾਠੀ ਸਿੰਘਾਂ ਤੋਂ ਗੁਪਤ ਦਾਨੀ ਸੱਜਣ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਏਅਰਕੰਡੀਸ਼ਨ ਬੱਸ, ਕਵਾਲਿਸ, ਸਕਾਰਪਿਓ, 3 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਜ਼ਾਇਲੋ ਗੱਡੀਆਂ ਭੇਟ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਕਾਰ ਸੇਵਾ ਲਈ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 2 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕਅੱਪ, 2 ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਟਾਟਾ ਐਲ ਪੀ. ਟਰੱਕ, ਅਸ਼ੋਕਾ ਲੇਲੈਂਡ ਟਰੱਕ, ਮਹਿੰਦਰਾ ਮਿੰਨੀ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿ ਭੇਟ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…