
ਸ਼ਹੀਦ ਭਗਤ ਸਿੰਘ ਤੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਮਾਰਚ ਕੱਢਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
23 ਮਾਰਚ ਦੇ ਸ਼ਹੀਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਮਾਰਚ ਪਿੰਡ ਮਨੌਲੀ ਵਿਖੇ ਪੰਜਾਬੀ ਗਾਇਕ ਅਤੇ ਲੇਖ਼ਕ ਹਰਿੰਦਰ ਹਰ ਅਤੇ ਬਿੰਦਰਾ ਗੁਰਨਾਮ ਸਿੰਘ ਸੇਵਕ (ਸਾਬਕਾ ਕੌਂਸਲਰ) ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਮੌਕੇ ਬੋਲਦਿਆਂ ਹਰਿੰਦਰ ਹਰ ਨੇ ਕਿਹਾ ਕਿ ਸੰਘਰਸ਼ਾਂ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸ਼ਹੀਦ ਕੌਮਾਂ ਲਈ ਚਾਨਣ ਮੁਨਾਰਾਂ ਹੋਇਆ ਕਰਦੇ ਨੇ। ਹਰ ਨੇ ਆਪਣੇ ਇਨਕਲਾਬੀ ਗੀਤਾਂ’’ ਭਗਤ ਸਿੰਘ ਜਿਹੇ ਯੋਧੇ’’, ‘‘ਹੱਕਾਂ ਲਈ ਲੜਨਾ’’, ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ’’ ਦਿੱਲੀ ਧਰਨੇ ਵਾਲੇ, ਆਦਿ ਰਚਨਾਵਾਂ ਨੂੰ ਗਾ ਕੇ ਖੂਬ ਰੰਗ ਬੰਨਿਆ।
ਗੁਰਨਾਮ ਬਿੰਦਰਾ ਅਤੇ ਡਾਕਟਰ ਇੰਦਰਜੀਤ ਸਿੰਘ ਵੱਖੋ-ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਮੁਹਾਲੀ ਹਵਾਈ ਅੱਡੇ ਦਾ ਨਾਂ’’ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ’’ ਦੇ ਨਾਂ ਉੱਤੇ ਰੱਖਣ, ਭਾਖੜਾ ਬਿਆਸ ਬੋਰਡ ਵਿਚ ਪੰਜਾਬ ਦੀ ਪੂਰਨ ਹਿੱਸੇਦਾਰੀ, ਅਤੇ ਪਾਠ ਪੁਸਤਕਾਂ ਵਿੱਚ ਗੁਰੂ ਸਾਹਿਬਾਨ ਬਾਰੇ ਵਰਤੀ ਗਈ ਭੱਦੀ ਸ਼ਬਦਾਬਲੀ ਨੂੰ ਹਟਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸ਼ਰਨਜੀਤ ਸਿੰਘ ਬਾਗੀ, ਅਮਰਿੰਦਰ ਸਿੰਘ ਮਾਸਟਰ, ਕੁਲਦੀਪ ਸਿੰਘ ਬਾਸੀ ਵਾਲਾ, ਗੁਰਦੀਪ ਸਿੰਘ ਦੀਪ, ਗੁਰਦਰਸ਼ਨ ਸਿੰਘ ਮੋਨੂ, ਚਰਨਜੀਤ ਚੰਨੀ, ਪਾਰਸ, ਹਰਨੇਕ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਜਸਵੰਤ ਕੌਰ ਸਾਬਕਾ ਸਰਪੰਚ ਪਿੰਡ ਮਨੌਲੀ, ਬਲਜੀਤ ਕੌਰ ਬੈਦਵਾਨ, ਜੋਸਿਫ਼ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।