ਮੇਰਠ ਦਾ ਪਰਿਵਾਰ ਦਾ ਤਿੰਨ ਪੀੜੀਆਂ ਤੋਂ ਬਣਾ ਰਿਹੈ ਰਾਵਨ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ

ਮੁਹਾਲੀ ਵਿੱਚ ਐਤਕੀਂ ਧੂਮਧਾਮ ਨਾਲ ਮਨਾਇਆ ਦਸਹਿਰਾ

ਰਾਵਨ ਦਾ 65 ਫੁੱਟ ਅਤੇ ਕੁੰਭਕਰਨ ਤੇ ਮੇਘਨਾਥ ਦੇ 60-60 ਫੁੱਟ ਉੱਚੇ ਪੁਤਲੇ ਬਣਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਦਸਹਿਰਾ ਕਮੇਟੀ ਮੁਹਾਲੀ ਵੱਲੋਂ ਐਤਕੀਂ ਕਰੀਬ ਤਿੰਨ ਸਾਲ ਬਾਅਦ ਦਸਹਿਰਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਦੋਂਕਿ ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਪਾਬੰਦੀਆਂ ਕਾਰਨ ਸੀਮਤ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਸੀ ਅਤੇ ਰੌਣਕ ਫਿਕੀ ਰਹਿੰਦੀ ਸੀ। ਦਸਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਗਰਾਉਂਡ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਰਾਵਨ ਦਾ 65 ਫੁੱਟ ਅਤੇ ਕੁੰਭਕਰਨ ਤੇ ਮੇਘਨਾਥ ਦੇ 60-60 ਫੁੱਟ ਉੱਚੇ ਪੁਤਲੇ ਬਣਾਏ ਜਾ ਰਹੇ ਹਨ। ਇਸ ਕੰਮ ਨੂੰ ਮੁਹਾਲੀ ਦੀ ਜੂਹ ਵਿੱਚ ਪਿੰਡ ਬਲੌਂਗੀ ਸਥਿਤ ਬਾਲ ਗੋਪਾਲ ਗਊਸ਼ਾਲਾ ਦੇ ਵੱਡੇ ਹਾਲ ਵਿੱਚ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਮੁੱਖ ਮਹਿਮਾਨ ਹੋਣਗੇ।
ਜਾਣਕਾਰੀ ਅਨੁਸਾਰ ਮੇਰਠ ਦਾ ਪਰਿਵਾਰ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਉਣ ਲਈ ਜੁਟਿਆ ਹੋਇਆ ਹੈ। ਪੁਤਲੇ ਤਿਆਰ ਕਰ ਰਹੇ ਇੱਕ ਕਾਰੀਗਰ ਸ਼ਾਨੂ ਰਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਉਸ ਦੇ ਪਿਤਾ ਬਿਆਸੂਦੀਨ ਵੀ ਇਸ ਕੰਮ ਵਿੱਚ ਉਸ ਦਾ ਹੱਥ ਵਟਾਉਂਦੇ ਹਨ ਜਦੋਂਕਿ ਇਸ ਤੋਂ ਪਹਿਲਾਂ ਉਸ ਦੇ ਦਾਦਾ ਅਬਦੁਲ ਅਜ਼ੀਜ਼ ਵੀ ਇਹ ਕੰਮ ਕਰਦੇ ਸਨ।
ਸ਼ਾਨੂ ਰਾਣਾ ਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਉਹ ਸ਼ੌਕ ਵਜੋਂ ਘੁੰਮਣ ਫਿਰਨ ਲਈ ਮੁਹਾਲੀ\ਚੰਡੀਗੜ੍ਹ ਆਇਆ ਸੀ ਅਤੇ ਮੁਹਾਲੀ ਵਿੱਚ ਆਪਣੇ ਪਿਤਾ ਨੂੰ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਉਂਦੇ ਹੋਏ ਦੇਖ ਕੇ ਹੌਲੀ ਹੌਲੀ ਉਸ ਨੇ ਵੀ ਪੁਤਲੇ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਹੁਣ ਉਸ ਨੇ ਇਸ ਕੰਮ ਨੂੰ ਆਪਣਾ ਰੁਜ਼ਗਾਰ ਬਣਾ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਦਸਹਿਰਾ ਕਮੇਟੀ ਦੇ ਸੱਦੇ ’ਤੇ ਆਪਣੇ ਪਿਤਾ ਬਿਆਸੂਦੀਨ ਅਤੇ ਸਾਥੀ ਕਾਰੀਗਰਾਂ ਨਾਲ ਕਰੀਬ ਡੇਢ ਕੁ ਮਹੀਨਾ ਪਹਿਲਾਂ ਮੁਹਾਲੀ ਆਇਆ ਸੀ। ਉਨ੍ਹਾਂ ਦੀ ਟੀਮ ਨੇ ਦਿਨ ਰਾਤ ਕਰੀਬ 18 ਘੰਟੇ ਲਗਾਤਾਰ ਕੰਮ ਕਰਕੇ ਰਾਵਨ ਦਾ 65 ਫੁੱਟ ਅਤੇ ਕੁੰਭਕਰਨ ਤੇ ਮੇਘਨਾਥ ਦੇ 60-60 ਫੁੱਟ ਉੱਚੇ ਪੁਤਲੇ ਬਣਾਏ ਜਾ ਰਹੇ ਹਨ। ਲਗਪਗ ਸਾਰੇ ਪੁਤਲੇ ਬਣ ਕੇ ਤਿਆਰ ਹੋ ਗਏ ਹਨ ਅਤੇ ਇਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਨ੍ਹਾਂ ਨੂੰ ਬਣਾਉਣ ’ਤੇ ਕਰੀਬ 5 ਲੱਖ ਰੁਪਏ ਖ਼ਰਚਾ ਆਇਆ ਹੈ। ਦਸਹਿਰੇ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਪੁਤਲਿਆਂ ਨੂੰ ਦਸਹਿਰਾ ਗਰਾਉਂਡ ਵਿੱਚ ਲਗਾ ਦਿੱਤਾ ਜਾਵੇਗਾ।
ਪੇਂਟਰ ਸਰਜਲ ਅਲੀ ਨੇ ਦੱਸਿਆ ਕਿ ਪਹਿਲਾਂ ਅਕਸਰ ਕੱਚੇ ਰੰਗ ਨਾਲ ਪੁਤਲਿਆਂ ਨੂੰ ਸਜਾਇਆ ਜਾਂਦਾ ਸੀ ਪ੍ਰੰਤੂ ਇਸ ਵਾਰ ਮੌਸਮ ਦੀ ਬੇਰੁਖ਼ੀ ਦੇ ਚੱਲਦਿਆਂ ਨੈਰੋਲੈੱਕ ਕੰਪਨੀ ਦੇ ਵਧੀਆ ਰੰਗ ਵਰਤੇ ਜਾ ਰਹੇ ਹਨ ਤਾਂ ਜੋ ਬਰਸਾਤ ਹੋਣ ਦੇ ਬਾਵਜੂਦ ਵੀ ਪੁਤਲਿਆਂ ਦਾ ਰੰਗ ਫਿੱਕਾ ਨਹੀਂ ਪਵੇਗਾ।

Load More Related Articles

Check Also

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ ਨਬਜ਼-ਏ-ਪੰਜਾਬ, ਮੁਹਾਲੀ, 8 ਮਈ: ਪੰਜਾ…