
ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਇੱਕ ਰੋਜ਼ਾ ਵਰਕਸ਼ਾਪ ਯਾਦਗਾਰੀ ਹੋ ਨਿੱਬੜੀ
ਸਿੱਖਿਆ ਵਿਭਾਗ ਦੀ ਮਾਵਾਂ ਨੂੰ ਪ੍ਰੀ-ਸਕੂਲ ਸਿੱਖਿਆ ਬਾਰੇ ਜਾਗਰੂਕ ਕਰਨ ਲਈ ਨਿਵੇਕਲੀ ਪਹਿਲਕਦਮੀ
ਦਾਖ਼ਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਾਪਤੀਆਂ ਦਾ ਕੀਤਾ ਜ਼ਿਕਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਸਿੱਖਿਆ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਐੱਲਕੇਜੀ ਅਤੇ ਯੂਕੇਜੀ ਵਿੱਚ ਪੜ੍ਹਦੇ 3 ਤੋਂ 6 ਸਾਲ ਦੇ ਬੱਚਿਆਂ ਦੀਆਂ ਮਾਵਾਂ ਲਈ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਸ਼ਿਰਕਤ ਕੀਤੀ ਅਤੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਜਾਣਿਆ।
ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਅਤੇ ਡੀਪੀਆਈ (ਐਲੀਮੈਂਟਰੀ) ਹਰਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਕਰੀਬ 13 ਹਜ਼ਾਰ ਸਕੂਲਾਂ ਵਿੱਚ ਲੱਖਾਂ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮੇਂ-ਸਮੇਂ ’ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਮਿਆਰੀ ਪੜ੍ਹਾਈ ਲਈ ਪ੍ਰਬੰਧ ਕੀਤੇ ਜਾਂਦੇ ਹਨ। ਜਿਨ੍ਹਾਂ ਬਾਰੇ ਮਾਵਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਵਿਸ਼ੇਸ਼ ਵਰਕਸ਼ਾਪ ਲਗਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਵਰਕਸ਼ਾਪ ਦਾ ਉਦੇਸ਼ ਮਾਵਾਂ ਨੂੰ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਜਾਗਰੂਕ ਕਰਨਾ ਸੀ ਕਿ ਕਲਾਸ-ਰੂਮ ਵਿੱਚ ਛੋਟੇ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਅਤੇ ਸਿਖਾਇਆ ਜਾਂਦਾ ਹੈ। ਸਕੂਲ ਮੁਖੀਆਂ ਨੇ ਮਾਵਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਲਈ ਵਡਮੁੱਲਾ ਯੋਗਦਾਨ ਪਾਉਣ ਲਈ ਅੱਗੇ ਆਉਣ। ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਦੱਸਿਆ ਕਿ ਬੱਚੇ ਨੂੰ ਖੇਡ-ਖੇਡ ਵਿੱਚ ਕਿਵੇਂ ਪੜ੍ਹਾਈ ਲਈ ਤਿਆਰ ਕੀਤਾ ਜਾ ਸਕਦਾ ਹੈ। ਵਰਕਸ਼ਾਪ ਦਾ ਉਦੇਸ਼ ਸਕੂਲ, ਅਧਿਆਪਕਾਂ ਅਤੇ ਮਾਵਾਂ ਵਿੱਚ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣਾ ਸੀ, ਤਾਂ ਜੋ ਬੱਚਿਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ। ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਮਾਵਾਂ ਨੂੰ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਪ੍ਰਾਪਤੀਆਂ ਬਾਰੇ ਵੀ ਦੱਸਿਆ ਗਿਆ।

ਇਸ ਮੌਕੇ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ (ਪ੍ਰਾਇਮਰੀ) ਦੇ ਸੂਬਾ ਕੋਆਰਡੀਨੇਟਰ ਡਾ. ਹਰਪਾਲ ਸਿੰਘ ਬਾਜਕ ਨੇ ਦੱਸਿਆ ਕਿ ਮਾਵਾਂ ਨੂੰ ਅਧਿਆਪਕਾਂ ਨੇ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਵਰਤੀ ਜਾਣ ਵਾਲੀ ਮਟੀਰੀਅਲ ਕਿੱਟ ਬਾਰੇ ਜਾਣਕਾਰੀ ਦਿੱਤੀ ਅਤੇ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਤਹਿਤ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਦੀਆਂ ਐੱਲਕੇਜੀ ਅਤੇ ਯੂਕੇਜੀ ਦੀਆਂ ਜਮਾਤਾਂ ਵਿੱਚ ਸਿੱਖਣ-ਸਿਖਾਉਣ ਪ੍ਰਕਿਰਿਆ ਲਈ ਵਰਤੀਆਂ ਜਾਣ ਵਾਲੀਆਂ ਵਰਕਸ਼ੀਟਾਂ ਨੂੰ ਭਰਨ ਦੀ ਐਕਟੀਵਿਟੀ ਕਰਵਾਉਣ ਦੇ ਨਾਲ-ਨਾਲ ਮਾਵਾਂ ਨੂੰ ਕਲੇਅ ਮਾਡਲਿੰਗ, ਪੇਪਰ ਕਟਿੰਗ, ਅਤੇ ਹੋਰ ਰੌਚਕ ਕਿਰਿਆਵਾਂ ਵੀ ਕਰਵਾਈਆਂ ਗਈਆਂ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬੱਚਿਆਂ ਨੂੰ ਕਰਵਾਏ ਜਾਣ ਵਾਲੇ ਪਾਠਕ੍ਰਮ ਦੀਆਂ ਕਿਰਿਆਵਾਂ ਨੂੰ 15 ਦਿਨ ਪਹਿਲਾਂ ਅਗਾਊਂ ਹੀ ਮਾਵਾਂ ਨਾਲ ਸਾਂਝਾ ਕੀਤਾ ਜਾਵੇਗਾ।