
ਮੁਹਾਲੀ ਵਿੱਚ ਵੀ ਆਇਆ ‘ਪੱਬ ਜੀ ਗੇਮ’ ਦਾ ਨਵਾਂ ਮਾਮਲਾ
ਦਸਵੀਂ ਦੇ ਵਿਦਿਆਰਥੀ ਨੇ ਦਾਦੇ ਦੀ ਪੈਨਸ਼ਨ ਸਣੇ 2 ਲੱਖ ਗੁਆਏ, ਚਾਚੇ ਦੇ ਮੁੰਡੇ ਵੀ ਗੇਮ ਖੇਡਣ ਲਾਏ
ਮਾਪਿਆਂ ਵੱਲੋਂ ਗੇਮ ’ਤੇ ਪਾਬੰਦੀ ਲਗਾਉਣ ਦੀ ਮੰਗ, ਐਸਐਸਪੀ ਨੂੰ ਈਮੇਲ ’ਤੇ ਭੇਜੀ ਸ਼ਿਕਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਮੁਹਾਲੀ ਵਿੱਚ ‘ਪੱਬ ਜੀ ਗੇਮ’ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸੈਕਟਰ-68 ਵਿੱਚ ਰਹਿੰਦੇ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਲੌਕਡਾਊਨ ਦੌਰਾਨ ਆਪਣੇ ਦਾਦੇ ਦੀ ਪੈਨਸ਼ਨ ਸਮੇਤ 2 ਲੱਖ ਰੁਪਏ ਇਸ ਅਨੌਖੀ ਕਿਸਮ ਦੀ ਖੇਡ ਵਿੱਚ ਗੁਆ ਦਿੱਤੇ ਹਨ। ਵਿਦਿਆਰਥੀ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਉਸ ਦੇ ਦੋਸਤ ਨੇ ਗਲਤ ਪੱਟੀ ਪੜ੍ਹਾ ‘ਪੱਬ ਜੀ ਗੇਮ’ ਵਿੱਚ ਪਾ ਕੇ ਨਾ ਸਿਰਫ਼ ਲੱਖਾਂ ਰੁਪਏ ਬਰਬਾਦ ਕਰਵਾ ਦਿੱਤੇ ਸਗੋਂ ਉਨ੍ਹਾਂ ਦੇ ਬੱਚੇ ਨੂੰ ਚੋਰੀ ਕਰਨ ਵੀ ਲਾ ਦਿੱਤਾ ਹੈ। ਇਸ ਸਬੰਧੀ ਪੀੜਤ ਪਰਿਵਾਰ ਨੇ ਆਪਣੇ ਬੱਚੇ ਦੇ ਦੋਸਤ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਐਸਐਸਪੀ ਨੂੰ ਈਮੇਲ ’ਤੇ ਸ਼ਿਕਾਇਤ ਭੇਜੀ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਜਿਵੇਂ ਚੀਨ ਨੂੰ ਸਬਕ ਸਿਖਾਉਣ ਲਈ ਟਿਕਟਾਕ ਅਤੇ ਹੋਰ ਮੋਬਾਈਲ ਐਪ ਬੰਦ ਕੀਤੀਆਂ ਗਈਆਂ ਹਨ, ਓਵੇਂ ‘ਪੱਬ ਜੀ ਗੇਮ’ ’ਤੇ ਵੀ ਪਾਬੰਦੀ ਲਗਾਈ ਜਾਵੇ। ਇਸ ਤੋਂ ਪਹਿਲਾਂ ਖਰੜ ਦੇ ਦਸਮੇਸ਼ ਨਗਰ ਦੇ ਇਕ ਬੱਚੇ ਨੇ ਆਪਣੇ ਮਾਪਿਆਂ ਦੇ 16 ਲੱਖ ਰੁਪਏ ਬਰਬਾਦ ਕੀਤੇ ਗਏ ਹਨ।
ਪੀੜਤ ਬੱਚੇ ਦੇ ਚਾਚਾ ਨੇ ਦੱਸਿਆ ਕਿ ਉਸ ਦਾ ਭਤੀਜਾ ਕਾਫੀ ਸਮੇਂ ਤੋਂ ਇਹ ਗੇਮ ਖੇਡਦਾ ਆ ਰਿਹਾ ਹੈ। ਉਹ ਸਾਰੇ ਇਕ ਛੱਤ ਥੱਲੇ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਚੰਗਾ ਕਾਰੋਬਾਰ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਉਨ੍ਹਾਂ ਸਮੇਤ ਉਨ੍ਹਾਂ ਦੇ ਵੱਡੇ ਭਰਾ ਅਤੇ ਬਾਪੂ ਦੇ ਪਰਸ ’ਚੋਂ ਕਦੇ ਹਜ਼ਾਰ ਅਤੇ ਕਦੇ 1500 ਅਤੇ ਕਦੇ ਦੋ ਹਜ਼ਾਰ ਰੁਪਏ ਚੋਰੀ ਹੋਣੇ ਸ਼ੁਰੂ ਹੋ ਗਏ। ਜਦੋਂ ਇਸ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਲੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਪਰਸ ਵਿੱਚ ਲੋੜ ਅਨੁਸਾਰ ਪੈਸੇ ਰੱਖਣ ਲੱਗ ਗਏ। ਇਸ ਮਗਰੋਂ ਉਸ ਦੇ ਭਤੀਜੇ ਨੂੰ ਦੋਸਤ ਨੇ ਪੇਟੀਐਮ ਅਕਾਊਂਟ ਅਪਰੇਟ ਕਰਨ ਦੀ ਸਲਾਹ ਦਿੱਤੀ। ਉਸ ਦਾ ਭਤੀਜਾ ਨਾਬਾਲਗ ਹੋਣ ਕਾਰਨ ਉਹ ਇਸ ਸੁਵਿਧਾ ਦਾ ਲਾਭ ਨਹੀਂ ਲੈ ਸਕਦਾ ਸੀ। ਫਿਰ ਉਸ ਨੇ ਆਪਣੇ ਦਾਦੇ ਦਾ ਪੈਨ ਕਾਰਡ ਅਤੇ ਆਧਾਰ ਨਾਲ ਪੇਟੀਐਮ ਅਕਾਊਂਟ ਅਪਰੇਟ ਕਰ ਲਿਆ ਅਤੇ ਆਪਣੇ ਦੋਸਤ ਵੱਲੋਂ ਦੱਸੇ ਨੰਬਰ ’ਤੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ। ਉਸ ਦਾ ਭਤੀਜਾ ਪੈਸਿਆਂ ਕਢਵਾਉਣ ਸਬੰਧੀ ਦਾਦੇ ਦੇ ਮੋਬਾਈਲ ’ਤੇ ਆਉਣ ਵਾਲੇ ਸਾਰੇ ਮੈਜਿਸ ਵੀ ਮਿਟਾ ਦਿੰਦਾ ਸੀ। ਇਸ ਤਰ੍ਹਾਂ ਕਰਕੇ ਉਹ ਹੁਣ ਤੱਕ ਦੋ ਲੱਖ ਰੁਪਏ ਤੋਂ ਵੱਧ ਪੈਸੇ ਗੁਆ ਚੁੱਕਾ ਹੈ।
(ਬਾਕਸ ਆਈਟਮ)
ਮਾਪਿਆਂ ਨੇ ਪੀੜਤ ਬੱਚੇ ਨੂੰ ਸਹੀ ਰਾਹ ’ਤੇ ਲਿਆਉਣ ਲਈ ਚੰਡੀਗੜ੍ਹ ਦੇ ਮਾਨਸਿਕ ਰੋਗਾਂ ਦੇ ਮਾਹਰ ਡਾ. ਨਿਤਿਨ ਗੁਪਤਾ ਦੀ ਸ਼ਰਨ ਲਈ ਹੈ। ਮਾਪਿਆਂ ਦੀ ਅਪੀਲ ’ਤੇ ਡਾਕਟਰ ਗੁਪਤਾ ਨੇ ਵਿਦਿਆਰਥੀ ਦੀ ਕੌਂਸਲਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਛੋਟੇ ਬੱਚੇ ਅਤੇ ਨੌਜਵਾਨ ਅਜੀਬ ਕਿਸਮ ਦੀਆਂ ਗੇਮਾਂ ਅਤੇ ਮੋਬਾਈਲ ਫੋਨ ਵਰਤੋਂ ਦੇ ਆਦੀ ਹੋ ਗਏ ਹਨ ਕਿਉਂਕਿ ਸਕੂਲ, ਕਾਲਜ ਅਤੇ ਕੰਪਨੀਆਂ ਬੰਦ ਹੋਣ ਕਾਰਨ ਬੱਚੇ ਅਤੇ ਨੌਜਵਾਨ ਘਰਾਂ ਵਿੱਚ ਵਿਹਲੇ ਬੈਠਣ ਕਾਰਨ ਚਿੜਚਿੜੇ ਹੋ ਗਏ ਹਨ। ਡਾ. ਗੁਪਤਾ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਨੌਜਵਾਨ ਅਤੇ ਬੱਚੇ ਘਰਾਂ ਅਤੇ ਸੱਥਾਂ ਵਿੱਚ ਇਕੱਠੇ ਬੈਠ ਕੇ ਕੈਰਮ ਬੋਰਡ ਅਤੇ ਲੁੱਡੂ ਵਗੈਰਾ ਖੇਡਦੇ ਹੁੰਦੇ ਸੀ। ਇਸ ਨਾਲ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਦਾ ਵਿਕਾਸ ਹੁੰਦਾ ਸੀ ਪ੍ਰੰਤੂ ਹੁਣ ਸਾਰਾ ਕੁੱਝ ਉਲਟ ਪੁਲਟ ਹੋ ਗਿਆ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਗਤੀਵਿਧੀਆਂ ’ਤੇ ਨਜ਼ਰ ਰੱਖਣ।