ਸੈਕਟਰ-78 ਵਿੱਚ 3 ਕਰੋੜ ਦੀ ਲਾਗਤ ਨਾਲ ਨਵੇਂ ਫਾਇਰ ਸਟੇਸ਼ਨ ਦੀ ਇਮਾਰਤ ਬਣ ਕੇ ਤਿਆਰ

ਮੇਅਰ ਜੀਤੀ ਸਿੱਧੂ ਤੇ ਡਿਪਟੀ ਮੇਅਰ ਬੇਦੀ ਨੇ ਕੀਤਾ ਨਵੀਂ ਇਮਾਰਤ ਦਾ ਨਿਰੀਖਣ

ਮੁਹਾਲੀ ਵਾਸੀਆਂ ਦੀਆਂ ਵਧਦੀਆਂ ਲੋੜਾਂ ਪੂਰੀਆਂ ਕਰੇਗਾ ਨਵਾਂ ਫਾਇਰ ਸਟੇਸ਼ਨ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਇੱਥੋਂ ਦੇ ਸੈਕਟਰ-78 ਵਿੱਚ ਨਵੇਂ ਫਾਇਰ ਸਟੇਸ਼ਨ ਦੀ ਆਲੀਸ਼ਾਨ ਇਮਾਰਤ ਬਣ ਕੇ ਤਿਆਰ ਹੋ ਗਈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਇੱਥੇ ਚੱਲ ਰਹੇ ਅੰਤਿਮ ਪੜਾਅ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਸਾਰੀਆਂ ਕਮੀਆਂ ਪੇਸ਼ੀਆਂ ਜਲਦੀ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਵੀ ਮੌਜੂਦ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਨਵੇਂ ਫਾਇਰ ਸਟੇਸ਼ਨ ਦੀ ਉਸਾਰੀ ’ਤੇ ਤਿੰਨ ਕਰੋੜ ਰੁਪਏ ਖ਼ਰਚੇ ਗਏ ਹਨ। ਇਸ ਨਵੇਂ ਫਾਇਰ ਸਟੇਸ਼ਨ ਨੂੰ ਨਵੀਨਤਮ ਫਾਇਰ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਨਵਾਂ ਫਾਇਰ ਸਟੇਸ਼ਨ ਨਾਲ ਨਾ ਸਿਰਫ਼ ਉਦਯੋਗਿਕ ਖੇਤਰ ਸਗੋਂ ਮੁਹਾਲੀ ਦੇ ਰਿਹਾਇਸ਼ੀ ਖੇਤਰ ਦੇ ਲਗਾਤਾਰ ਹੋ ਰਹੇ ਵਿਸਤਾਰ ਅਤੇ ਬਣ ਰਹੀਆਂ ਉੱਚੀਆਂ ਬਿਲਡਿੰਗਾਂ ਵਿੱਚ ਅੱਗ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਖੇਤਰਫਲ ਲਗਾਤਾਰ ਵਧ ਰਿਹਾ ਹੈ, ਇਸ ਲਈ ਮੁਹਾਲੀ ਵਿੱਚ ਇੱਕ ਹੋਰ ਆਧੁਨਿਕ ਫਾਇਰ ਸਟੇਸ਼ਨ ਦੀ ਲੋੜ ਸੀ, ਜਿਸ ਨੂੰ ਮੁਹਾਲੀ ਨਗਰ ਨਿਗਮ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਫਾਇਰ ਸਟੇਸ਼ਨ ਨਾਲ ਮੁਹਾਲੀ ਸਮੇਤ ਨਾਲ ਲਗਦੇ ਇਲਾਕਿਆਂ ਨੂੰ ਵੀ ਸਹੂਲਤ ਮਿਲੇਗੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਦੇ ਨਵੇਂ ਇਲਾਕਿਆਂ ਵਿੱਚ ਬਹੁਮੰਜ਼ਲਾਂ ਇਮਾਰਤਾਂ ਬਣ ਰਹੀਆਂ ਹਨ। ਜਿਨ੍ਹਾਂ ਵਿੱਚ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਵਿਸ਼ੇਸ਼ ਉਪਕਰਨ ਖ਼ਰੀਦੇ ਜਾਣਗੇ। ਜਿਨ੍ਹਾਂ ਵਿੱਚ ਹਾਈਡਰੋਲਿਕ ਪਲੇਟਫ਼ਾਰਮ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਅਤੇ ਪੁਰਾਣੇ ਫਾਇਰ ਸਟੇਸ਼ਨ ’ਤੇ ਜ਼ਿਆਦਾ ਭਾਰ ਅਤੇ ਦਬਾਅ ਪੈਂਦਾ ਹੈ ਲੇਕਿਨ ਹੁਣ ਨਵਾਂ ਫਾਇਰ ਸਟੇਸ਼ਨ ਬਣਨ ਨਾਲ ਪੁਰਾਣੇ ਫਾਇਰ ਸਟੇਸ਼ਨ ’ਤੇ ਵੀ ਕੰਮ ਦਾ ਬੋਝ ਘਟੇਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਘਟਣਗੀਆਂ। ਕਿਉਂਕਿ ਪਹਿਲਾਂ ਕਈ ਵਾਰ ਦੂਰ-ਦੁਰਾਡੇ ਅੱਗ ਬੁਝਾਊ ਦਸਤਾ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…