ਆਮ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਕਰਨ ਦਾ ਨਵਾਂ ਉਪਰਾਲਾ

ਉੱਚ ਅਧਿਕਾਰੀਆਂ ਨੇ ਸਰਕਾਰੀ ਵਾਹਨਾਂ ’ਤੇ ਲਗਾਏ ‘ਮੈਂ ਵੈਕਸੀਨ ਲਗਵਾ ਲਈ ਹੈ’ ਦੇ ਸਟਿੱਕਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਸਦਕਾ ਭਾਵੇਂ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਰੋਨਾ ਪਾਜ਼ੇਟਿਵ ਮਾਮਲੇ ਘਟਣਗੇ ਸ਼ੁਰੂ ਹੋ ਗਏ ਹਨ ਪ੍ਰੰਤੂ ਪ੍ਰਸ਼ਾਸਨ ਨੇ ਮੁਹਾਲੀ ਨੂੰ ਕਰੋਨਾ ਮੁਕਤ ਕਰਨ ਲਈ ਆਮ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਮਿਸ਼ਨ ਫਤਿਹ ਤਹਿਤ ਉੱਚ ਅਧਿਕਾਰੀਆਂ ਨੇ ਸਰਕਾਰੀ ਵਾਹਨਾਂ ਸਮੇਤ ਦਫ਼ਤਰੀ ਮੁਲਾਜ਼ਮਾਂ ਨੇ ਆਪਣੇ ਨਿੱਜੀ ਵਾਹਨਾਂ ਉੱਤੇ ‘ਮੈਂ ਵੈਕਸੀਨ ਲਗਵਾ ਲਈ ਹੈ’ ਦੇ ਸਟਿੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਇਸ ਸਬੰਧੀ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਆਪਣੀ ਸਰਕਾਰੀ ਕਾਰ ਦੇ ਸ਼ੀਸ਼ੇ ਉੱਤੇ ‘ਮੈਂ ਵੈਕਸੀਨ ਲਗਵਾ ਲਈ ਹੈ’ ਦਾ ਸਟਿੱਕਰ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਅਤੇ ਦਫ਼ਤਰੀ ਸਟਾਫ਼ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਗਵਾ ਲਈ ਹੈ, ਨੂੰ ਅਜਿਹੇ ਸਟਿੱਕਰ ਆਪਣੇ ਵਾਹਨਾਂ ਉੱਤੇ ਲਗਾਉਣ ਲਈ ਪ੍ਰੇਰਿਆ ਹੈ। ਇਸ ਤੋਂ ਬਾਅਦ ਕਈ ਹੋਰ ਉੱਚ ਅਧਿਕਾਰੀਆਂ ਦੇ ਸਰਕਾਰੀ ਵਾਹਨਾਂ ਉੱਤੇ ਵੀ ਅਜਿਹੇ ਸਟਿੱਕਰ ਲੱਗੇ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਅਤੇ ਮਹਾਮਾਰੀ ਦੌਰਾਨ ਲੋਕਾਂ ਨੂੰ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਨਹੀਂ ਸੁੱਟਣੀ ਚਾਹੀਦੀ ਬਲਕਿ ਸਾਂਝੇ ਯਤਨਾਂ ਨਾਲ ਮਹਾਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਸਟਿੱਕਰ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਵੈਕਸੀਨ ਲਗਾਉਣ ਸਬੰਧੀ ਜਾਗਰੂਕਤਾ ਫੈਲਾਉਣ ਦਾ ਇਹ ਨਵਾਂ ਉਪਰਾਲਾ ਹੈ। ਇਸ ਨਾਲ ਲੋਕਾਂ ਦੇ ਮਨਾਂ ’ਚੋਂ ਸਾਰੇ ਭਰਮ ਭੁਲੇਖੇ ਅਤੇ ਡਰ ਬਾਹਰ ਨਿਕਲੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰਾਂ ਪੇਂਡੂ ਖੇਤਰ ਵਿੱਚ ਕਰੋਨਾ ਟੈਸਟਿੰਗ ਅਤੇ ਵੈਕਸੀਨ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਟੀਚੇ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਇਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਵੱਖਰੇ ਤੌਰ ’ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਮੈਡੀਕਲ ਟੀਮਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿੱਚ ਕੋਵਿਡ ਟੈਸਟਿੰਗ ਅਤੇ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ ਅਤੇ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।
ਏਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਾਮਾਰੀ ਤੋਂ ਬਚਾਉਣ ਲਈ ਪਿੰਡ ਮਸੌਲ ਸਮੇਤ ਕਈ ਹੋਰਨਾਂ ਪਿੰਡਾਂ ਨੂੰ ਗੋਦ ਲਿਆ ਗਿਆ ਹੈ। ਜਿਨ੍ਹਾਂ ’ਚੋਂ ਕੁੱਝ ਪਿੰਡਾਂ ਨੂੰ 100 ਫੀਸਦੀ ਕਵਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਕੋਵਿਡ ਟੈਸਟਿੱਗ ਅਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਸਬੰਧੀ ਪੈਰਾ ਮੀਟਰ ਬਣਾਏ ਗਏ ਹਨ ਅਤੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੁਹਾਲੀ ਸਮੇਤ ਕਈ ਹੋਰਨਾਂ ਸ਼ਹਿਰ ਵਿੱਚ ਕੋਵਿਡ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …