ਡੀਸੀ ਰਿਹਾਇਸ਼ ਦੇ ਸਾਹਮਣੇ ਵਾਲੇ ਮੁਹੱਲੇ ਵਿੱਚ ਘਰ ਦੇ ਬਾਹਰ ਖੜੀ ਨਵੀਂ ਸਵਿਫ਼ਟ ਕਾਰ ਦੇ ਟਾਇਰ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਇੱਥੋਂ ਦੇ ਫੇਜ਼-5 ਵਿੱਚ ਸਥਿਤ ਮੁਹਾਲੀ ਦੀ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਵਾਲੇ ਮੁਹੱਲੇ ਵਿੱਚ ਸ਼ੁੱਕਰਵਾਰ ਨੂੰ ਤੜਕੇ ਸਵੇਰੇ ਅਣਪਛਾਤੇ ਚੋਰ ਨੇ ਪ੍ਰੋਡਕਸ਼ਨ ਹਾਊਸ ਦੇ ਡਾਇਰੈਕਟਰ ਕੰਵਰ ਸਿੱਧੂ ਦੇ ਘਰ ਬਾਹਰ ਖੜੀ ਉਸ ਦੀ ਨਵੀਂ ਸਵਿਫ਼ਟ ਕਾਰ ਦੇ ਦੋ ਟਾਇਰ ਚੋਰੀ ਕਰ ਲਏ। ਇਹ ਵਾਰਦਾਤ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪੀੜਤ ਕੰਵਰ ਸਿੱਧੂ ਨੇ ਦੱਸਿਆ ਕਿ ਉਸ ਨੇ 10 ਕੁ ਦਿਨ ਪਹਿਲਾਂ ਹੀ ਕਾਰ ਖਰੀਦੀ ਸੀ ਅਤੇ ਵੀਰਵਾਰ ਰਾਤ ਨੂੰ ਉਸ ਨੇ ਆਪਣੀ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ। ਉਨ੍ਹਾਂ ਸੀਸੀਟੀਵੀ ਕੈਮਰੇ ਦੀ ਫੋਟੇਜ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਹਿਲਾਂ ਤਾਂ ਚੋਰ ਨੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਉਸ ਦੀ ਵਾਹ ਨਹੀਂ ਚੱਲੀ ਤਾਂ ਚੋਰ ਨੇ ਬਿਲਕੁਲ ਨਵੇਂ ਜੈੱਕ ਦੀ ਮਦਦ ਨਾਲ ਡਰਾਈਵਰ ਸਾਈਡ ਦੇ ਦੋਵੇਂ ਟਾਇਰ ਚੋਰੀ ਕਰ ਲਏ। ਇਸ ਮਗਰੋਂ ਜਿਵੇਂ ਹੀ ਉਸ (ਚੋਰ) ਨੇ ਦੂਜੀ ਸਾਈਡ ਦੇ ਟਾਇਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਧਰ ਲਾਈਟ ਦੀ ਰੌਸ਼ਨੀ ਸੀ। ਜਿਸ ਕਾਰਨ ਚੋਰ ਨੇ ਤੜਕੇ ਸਵੇਰੇ ਕਰੀਬ ਸਾਢੇ 3 ਵਜੇ ਘਰ ਦੇ ਨੇੜੇ ਟਰਾਂਸਫ਼ਾਰਮਰ ਦਾ ਸਵਿੱਚ ਬੰਦ ਕਰਕੇ ਹਨੇਰਾ ਕਰਨ ਦਾ ਯਤਨ ਕੀਤਾ ਲੇਕਿਨ ਪੂਰੀ ਲਾਈਟ ਬੰਦ ਹੋਣ ਦੀ ਬਜਾਏ ਸਿਰਫ਼ ਦੋ ਫੇਸ ਹੀ ਬੰਦ ਹੋਏ ਅਤੇ ਤੀਜਾ ਫੇਸ ਚਲਦਾ ਰਹਿ ਗਿਆ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦੀ ਬੱਤੀ ਗੁੱਲ ਹੋ ਗਈ। ਉਨ੍ਹਾਂ ਦੇ ਘਰ ਲੱਗਾ ਪ੍ਰਦੂਸ਼ਣ ਰਹਿਤ ਜਨਰੇਟਰ ਨਾ ਚੱਲਣ ਕਾਰਨ ਗਰਮੀ ਮਹਿਸੂਸ ਹੋਈ ਤਾਂ ਉਹ ਅਚਾਨਕ ਬਾਹਰ ਆ ਗਿਆ। ਉਸ ਨੇ ਦੇਖਿਆ ਕਿ ਬੱਤੀ ਬੰਦ ਹੈ ਫਿਰ ਵੀ ਆਟੋਮੈਟਿਕ ਜਨਰੇਟਰ ਨਹੀਂ ਚੱਲਿਆ। ਸਿਸਟਮ ਚੈੱਕ ਕਰਦਾ ਹੋਇਆ ਉਹ ਘਰ ਦੇ ਬਾਹਰ ਤੱਕ ਆ ਗਿਆ ਅਤੇ ਟਰਾਂਸਫ਼ਾਰਮਰ ਨੇੜੇ ਜਾਣ ਲੱਗਾ ਤਾਂ ਏਨੇ ਵਿੱਚ ਉੱਥੋਂ ਇੱਕ ਵਿਅਕਤੀ ਨੂੰ ਭੱਜਦੇ ਹੋਏ ਦੇਖਿਆ। ਹਨੇਰਾ ਹੋਣ ਕਾਰਨ ਚੋਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਸ ਨੇ ਪਿਛਲੇ ਸੋਮਵਾਰ ਨੂੰ 60 ਹਜ਼ਾਰ ਰੁਪਏ ਖਰਚ ਕਰਕੇ ਅਲਾਏ ਵੀਲ੍ਹ ਪੁਆਏ ਸੀ। ਉਨ੍ਹਾਂ ਨੇ ਤੁਰੰਤ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰਕੇ ਟਾਇਰ ਚੋਰੀ ਬਾਰੇ ਇਤਲਾਹ ਦਿੱਤੀ ਅਤੇ ਸਵੇਰੇ ਕਰੀਬ 6 ਵਜੇ ਪੀਸੀਆਰ ਦੇ ਕਰਮਚਾਰੀ ਅਤੇ ਜਾਂਚ ਅਧਿਕਾਰੀ ਏਐਸਆਈ ਸੁਲੇਖ ਚੰਦ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਮੌਕੇ ਤੋਂ ਮਿਲੇ ਨਵੇਂ ਜੈੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …