Nabaz-e-punjab.com

ਚੱਪੜਚਿੜੀ ਮਦਨਪੁਰ ਸੁਸਾਇਟੀ ਦੇ ਸੰਘਰਸ਼ ਵਿੱਚ ਆਇਆ ਇੱਕ ਨਵਾਂ ਮੋੜ, 7 ਮੈਂਬਰ ਚੋਣ ਜਿੱਤੇ

ਸ਼ਾਨਦਾਰ ਜਿੱਤ ਉਪਰੰਤ ਜੇਤੂ ਮੈਂਬਰਾਂ ਨੇ ਦੱਸੀ ਅਗਲੀ ਰਣਨੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
1984 ਦੇ ਦੰਗਾ ਪੀੜਤਾਂ ਲਈ ਬਣੀ ਚੱਪੜਚਿੜੀ ਮਦਨਪੁਰ ਸੁਸਾਇਟੀ ਦੀ ਬੀਤੇ ਕੱਲ੍ਹ ਹੋਈ ਚੋਣ ਦੇ ਦੌਰਾਨ ਉਸ ਸਮੇਂ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ, ਜਦੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੁਸਾਇਟੀ ਦੇ ਮੈਂਬਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਦੱਸਣਾ ਬਣਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਮਦਨਪੁਰ ਚੱਪੜਚਿੜੀ ਸੁਸਾਇਟੀ ਦੀ ਕਾਰਜ ਪ੍ਰਣਾਲੀ ਵਿਵਾਦਾਂ ਦੇ ਘੇਰੇ ਵਿੱਚ ਹੈ। ਚੱਪੜਚਿੜੀ ਮਦਨਪੁਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਨਮੀਤ ਸਿੰਘ ਉੱਤੇ ਵੀ ਇਸ ਦੌਰਾਨ ਅਨੇਕਾਂ ਦੋਸ਼ ਲੱਗਦੇ ਰਹੇ ਹਨ। ਜਿਸ ਸਭ ਦੇ ਚੱਲਦੇ ਸੁਸਾਇਟੀ ਮੈਂਬਰਾਂ ਨੇ ਆਪਣੀ ਜ਼ਮੀਨ ਦਾ ਬਚਾਓ ਕਰਨ ਲਈ ਇੱਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਸੀ।
ਇਸ ਐਕਸ਼ਨ ਕਮੇਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਕੱਲ੍ਹ ਹੋਈ ਚੋਣ ਦੇ ਦੌਰਾਨ ਇਸ ਐਕਸ਼ਨ ਕਮੇਟੀ ਦੇ 7 ਮੈਂਬਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਜਿੱਤ ਪ੍ਰਾਪਤ ਕਰਨ ਵਾਲੇ ਕਮੇਟੀ ਮੈਂਬਰਾਂ ਵਿੱਚ ਜਸਵੀਰ ਸਿੰਘ ਕਲਸੀ, ਰਣਜੀਤ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਓਬਰਾਏ, ਆਰਪੀਐੱਸ ਵਿਜ਼, ਵਰਜਿੰਦਰ ਕੌਰ ਅਤੇ ਆਸ਼ਾ ਜੋਸ਼ੀ ਦਾ ਨਾਂ ਸ਼ਾਮਲ ਹੈ। ਜਦੋਂਕਿ ਦੂਜੀ ਧਿਰ ਨੂੰ ਕੇਵਲ ਐਨਐੱਸ ਅਰੋੜਾ ਅਤੇ ਸੁਰਜੀਤ ਸਿੰਘ ਬਿੰਦਰਾ ਦੀ ਜਿੱਤ ਦੇ ਨਾਲ ਹੀ ਸੰਤੁਸ਼ਟ ਹੋਣਾ ਪਿਆ। ਨਵੀਂ ਕਮੇਟੀ ਬਹੁਤ ਜਲਦੀ ਆਪਣਾ ਕਾਰਜਭਾਰ ਸੰਭਾਲ ਲਵੇਗੀ।
ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਐਕਸ਼ਨ ਕਮੇਟੀ ਦੇ ਪ੍ਰਮੁੱਖ ਮੈਂਬਰ ਜਸਪਾਲ ਸਿੰਘ ਨੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੇਸ਼ੱਕ ਨਵੀਂ ਕਮੇਟੀ ਦੇ ਰਾਹ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ ਪ੍ਰੰਤੂ ਸੁਸਾਇਟੀ ਮੈਂਬਰਾਂ ਦੀ ਆਪਸੀ ਏਕਤਾ ਨੇ ਜਿਵੇਂ ਅੱਜ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਏਦਾਂ ਹੀ ਅੱਗੇ ਵੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਵੱਲ ਵਧੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਦਾ ਕੰਮ ਉਨ੍ਹਾਂ ਸੁਸਾਇਟੀ ਮੈਂਬਰਾਂ ਨੂੰ ਜ਼ਮੀਨ ਦੇਣਾ ਹੈ ਜਿਨ੍ਹਾਂ ਦੀ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਲਈ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਸੀ ਲੇਕਿਨ ਉਸ ਦਾ ਮੁਆਵਜ਼ਾ ਪਿਛਲੀ ਕਮੇਟੀ ਨੇ ਮੈਂਬਰਾਂ ਨੂੰ ਨਹੀਂ ਦਿੱਤਾ। ਦੂਜਾ ਜ਼ਮੀਨ ਦੇ ਲਈ ਸੀਐੱਲਸੀਯੂ ਹਾਸਲ ਕਰਨਾ ਅਤੇ ਬਹੁਤ ਸਾਰੇ ਮੈਂਬਰ ਜੋ ਪਿਛਲੇ ਲੰਬੇ ਸਮੇਂ ਤੋਂ ਲਾਪਤਾ ਹਨ ਉਨ੍ਹਾਂ ਦੀ ਤਲਾਸ਼ ਕਰਨਾ ਜਾਂ ਫਿਰ ਉਨ੍ਹਾਂ ਦਾ ਹਿੱਸਾ ਅਲੱਗ ਕਰਕੇ ਉਨ੍ਹਾਂ ਦੀ ਜ਼ਮੀਨ ਨੂੰ ਉਨ੍ਹਾਂ ਮੈਂਬਰਾਂ ਵਿੱਚ ਵੰਡਣਾ ਹੈ ਜਿਨ੍ਹਾਂ ਦੀ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਵਿੱਚ ਚਲੀ ਗਈ ਸੀ। ਜਸਵੀਰ ਸਿੰਘ ਕਲਸੀ ਅਤੇ ਇਕਬਾਲ ਸਿੰਘ ਓਬਰਾਏ ਨੇ ਇਸ ਦੌਰਾਨ ਪੰਜਾਬ ਸਰਕਾਰ ਗਮਾਡਾ ਅਤੇ ਕੋਆਪਰੇਟਿਵ ਵਿਭਾਗ ਦੇ ਅੱਗੇ ਸੋਸਾਇਟੀ ਨੂੰ ਵਸਾਉਣ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ।
(ਬਾਕਸ ਆਈਟਮ)
ਜਿੱਤ ਪ੍ਰਾਪਤ ਕਰਨ ਤੋਂ ਬਾਅਦ ਨਮ ਹੋਈਆਂ ਅੱਖਾਂ ਨਾਲ ਬਜ਼ੁਰਗਾਂ ਨੇ ਕਿਹਾ ਕਿ ਇੱਕ ਉਹ ਸਮਾਂ ਵੀ ਸੀ ਜਦੋਂ ਸੁਸਾਇਟੀ ਦੇ ਵਿੱਚ ਮਨਮੀਤ ਸਿੰਘ ਪ੍ਰਧਾਨ ਸੀ ਅਤੇ ਉਸ ਨੇ ਆਪਣੀਆਂ ਕਥਿਤ ਮਨਮਾਨੀਆਂ ਦੇ ਨਾਲ ਸੁਸਾਇਟੀ ਮੈਂਬਰਾਂ ਨਾਲ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ ਅਤੇ ਉਨ੍ਹਾਂ ਦੀ ਜ਼ਮੀਨ ਹਥਿਆਉਣ ਦੀ ਰਾਹ ਵੱਲ ਤੁਰਦੇ ਰਹੇ ਪ੍ਰੰਤੂ ਸੁਸਾਇਟੀ ਮੈਂਬਰਾਂ ਨੇ ਆਪਣੀ ਇਕਜੁੱਟਤਾ ਦੇ ਨਾਲ ਇੱਕ ਸਮੇਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਮਨਮੀਤ ਸਿੰਘ ਨੂੰ ਮੀਟਿੰਗ ਛੱਡ ਕੇ ਭੱਜਣ ਲਈ ਵੀ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਚੱਲਦਾ ਰਿਹਾ ਪਰ ਆਪਸੀ ਏਕਤਾ ਇੱਕਜੁਟਤਾ ਅਤੇ ਸਾਡੇ ਦ੍ਰਿੜ੍ਹ ਨਿਸਚੇ ਨੇ ਅੱਜ ਸਾਨੂੰ ਸ਼ਾਨਦਾਰ ਜਿੱਤ ਹਾਸਲ ਕਰਵਾਈ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …