ਸੈਕਟਰ-71 ਦੇ ਪਾਰਕ ਵਿੱਚ ਫੜੇ ਪਸ਼ੂਆਂ ਨੂੰ ਪਸ਼ੂ ਪਾਲਕਾਂ ਵੱਲੋਂ ਜਬਰੀ ਛੁਡਾ ਕੇ ਲਿਜਾਣ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ

ਮਿਉਂਸਪਲ ਕਾਰਪੋਰੇਸ਼ਨ ਕਰਮੀ ਕੇਸਰ ਸਿੰਘ ਨੇ ਵਿਧਾਇਕ ’ਤੇ ਲਾਇਆ ਮਾੜੀ ਸ਼ਬਦਾਵਲੀ ਵਰਤਣ ਤੇ ਧਮਕਾਉਣ ਦਾ ਦੋਸ਼, ਸਿੱਧੂ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਬੀਤੀ 11 ਸਤੰਬਰ ਸਥਾਨਕ ਸੈਕਟਰ 71 ਦੇ ਇੱਕ ਪਾਰਕ ਵਿੱਚ ਚਰਨ ਵਾਲੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜਣ ਦੀਆਂ ਹਦਾਇਤਾਂ ਦੇ ਬਾਵਜੂਦ ਇਹਨਾਂ ਪਸ਼ੂਆਂ ਦੇ ਮਾਲਕਾਂ ਵੱਲੋਂ ਮੌਕੇ ਤੋਂ ਪਸ਼ੂ ਭਜਾਉਣ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਕਾਰਪੋਰੇਸ਼ਨ ਦੇ ਆਵਾਰਾ ਪਸ਼ੂ ਫੜਨ ਵਾਲੇ ਅਮਲੇ ਦੇ ਇੰਚਾਰਜ ਕੇਸਰ ਸਿੰਘ (ਜੂਨੀਅਰ ਸਹਾਇਕ) ਵੱਲੋਂ ਹਲਕਾ ਵਿਧਾਇਕ ਉੱਤੇ ਉਸ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ ਅਤੇ ਧਮਕਾਉਣ ਦਾ ਇਲਜ਼ਾਮ ਲਗਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਐਸ਼ਐਸਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੇਸਰ ਸਿੰਘ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੂੰ ਕੇਸਰ ਸਿੰਘ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਜਾ ਚੁੱਕਿਆ ਹੈ ਅਤੇ ਹੁਣ ਕੇਸਰ ਸਿੰਘ ਵੱਲੋਂ ਆਪਣੀ ਚਮੜੀ ਬਚਾਉਣ ਲਈ ਉਹਨਾਂ ਦੇ ਖ਼ਿਲਾਫ਼ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਐਸਐਸਪੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਕੇਸਰ ਸਿੰਘ ਨੇ ਲਿਖਿਆ ਹੈ ਕਿ ਬੀਤੀ 11 ਸਤੰਬਰ ਨੂੰ ਉਹਨਾਂ ਨੂੰ ਕਾਰਪੋਰੇਸ਼ਨ ਦੇ ਨਿਗਰਾਨ ਇੰਜਨੀਅਰ ਸ੍ਰੀ ਬੀ ਡੀ ਸਿੰਗਲਾ ਦਾ ਜੁਬਾਨੀ ਸੁਨੇਹਾ ਮਿਲਿਆ ਸੀ ਕਿ ਸੈਕਟਰ 71 ਦੇ ਈ ਡਬਲਿਊ ਐਸ ਮਕਾਨਾਂ ਨੇੜੇ ਸਵੇਰੇ 11 ਵਜੇ ਹਲਕਾ ਵਿਧਾਇਕ ਵੱਲੋਂ ਦੌਰਾ ਕੀਤਾ ਜਾਣਾ ਹੈ ਜਿਥੇ ਉਹਨਾਂ ਨੇ ਜਾਣਾ ਹੈ। ਉਹਨਾਂ ਲਿਖਿਆ ਹੈ ਕਿ ਜਦੋਂ ਉਹ ਸੈਕਟਰ 71 ਵਿੱਚ ਪਹੁੰਚੇ ਤਾਂ ਉਥੇ ਕੌਂਸਲਰ ਅਮਰੀਕ ਸਿੰਘ ਸੋਮਲ ਅਤੇ ਕੁੱਝ ਹੋਰ ਵਿਅਕਤੀ ਮੌਜੂਦ ਸੀ ਅਤੇ ਕਵਾਟਰਾਂ ਦੇ ਨਾਲ ਪਾਰਕ ਵਿੱਚ ਕੁੱਝ 6-7 ਪਸ਼ੂ ਬੰਨੇ ਹੋਏ ਸੀ। ਕੁੱਝ ਸਮੇਂ ਬਾਅਦ ਉਥੇ ਹਲਕਾ ਵਿਧਾਇਕ ਵੀ ਆ ਗਏ ਅਤੇ ਆਉਂਦਿਆਂ ਹੀ ਉਸ ਨੂੰ ਉਹ ਪਸ਼ੂ ਖੋਲ ਕੇ ਗਊਸ਼ਾਲਾ ਲਿਜਾਣ ਲਈ ਕਿਹਾ। ਕੇਸਰ ਸਿੰਘ ਅਨੁਸਾਰ ਉਸ ਸਮੇਂ ਕੈਟਲ ਕੈਚਰ ਗੱਡੀ ਰਾਹ ਵਿੱਚ ਖਰਾਬ ਹੋਣ ਕਾਰਨ ਮੌਕੇ ਉੱਤੇ ਨਹੀਂ ਪਹੁੰਚੀ ਸੀ ਇਸ ਲਈ ਉਹਨਾਂ ਨੇ ਉਹ ਪਸ਼ੂ ਪਾਰਕ ’ਚੋਂ ਖੋਲ੍ਹ ਕੇ ਐੱਗਲਾਂ ਨਾਲ ਬੰਨ੍ਹਵਾ ਦਿੱਤੇ ਅਤੇ ਇਸ ਦੌਰਾਨ ਇੱਕ ਮੋਟਰ ਸਾਈਕਲ ਤੇ ਉਥੇ ਆਏ 3 ਨੌਜਵਾਨਾਂ ਨੇ ਗਾਵਾਂ ਨੂੰ ਖੋਲ ਦਿੱਤਾ ਅਤੇ ਭਜਾ ਕੇ ਲੈ ਗਏ। ਇਹ ਸਾਰਾ ਕੁਝ ਹਲਕਾ ਵਿਧਾਇਕ ਦੇ ਸਾਹਮਣੇ ਹੀ ਵਾਪਰਿਆ।
ਉਹਨਾਂ ਲਿਖਿਆ ਹੈ ਕਿ ਇਸ ਮੌਕੇ ਕਾਰਪੋਰੇਸ਼ਨ ਦੀ ਲੇਬਰ ਨੇ ਉਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਏ। ਉਹਨਾਂ ਦਾ ਇਲਜਾਮ ਹੈ ਕਿ ਇਸ ਮੌਕੇ ਹਲਕਾ ਵਿਧਾਇਕ ਉਹਨਾਂ ਦੇ ਗਲ ਪੈ ਗਏ ਅਤੇ ਕਹਿਣ ਲੱਗੇ ਕਿ ਤੂੰ ਇਹਨਾਂ (ਨੌਜਵਾਨਾਂ) ਨੂੰ ਫੋਨ ਕਰਕੇ ਗਾਵਾਂ ਖੁਲਵਾਈਆਂ ਸਨ। ਉਹਨਾਂ ਅਨੁਸਾਰ ਇਸ ਮੌਕੇ ਹਲਕਾ ਵਿਧਾਇਕ ਨੇ ਉਹਨਾਂ ਦੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਹਨਾਂ ਨੂੰ ਮਾਰਨ ਲਈ ਹੱਥ ਚੁੱਕ ਕੇ ਧਮਕੀਆਂ ਵੀ ਦਿੱਤੀਆਂ। ਇਸ ਮੌਕੇ ਕੌਂਸਲਰ ਅਮਰੀਕ ਸਿੰਘ ਸੋਮਲ ਅਤੇ ਉੱਥੇ ਮੌਜੂਦ 5-7 ਵਿਅਕਤੀਆਂ ਨੇ ਉਹਨਾਂ ਨਾਲ ਮੰਦੀ ਸ਼ਬਦਾਵਲੀ ਵਰਤੀ।
ਪੱਤਰ ਵਿੱਚ ਸ੍ਰੀ ਕੇਸਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਬੀਤੇ 2 ਜੂਨ ਨੂੰ ਸੈਕਟਰ 68 ਵਿੱਚ ਪਸ਼ੂ ਮਾਲਕਾਂ ਵੱਲੋਂ ਕਾਰਪੋਰੇਸ਼ਨ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ’ਤੇ ਹਮਲਾ ਕਰਕੇ ਪਸ਼ੂ ਛੁੜਾਉਣ ਅਤੇ ਸਰਕਾਰੀ ਗੱਡੀਆਂ ਦੀ ਭੰਨਤੋੜ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਨਗਰ ਨਿਗਮ ਵੱਲੋਂ ਪੁਲੀਸ ਸਟੇਸ਼ਨ ਫੇਜ਼-8 ਵਿੱਚ ਦਿੱਤੀ ਗਈ ਸ਼ਿਕਾਇਤਾਂ ਦੇ ਮਾਮਲੇ ਵਿੱਚ ਹਲਕਾ ਵਿਧਾਇਕ ਵੱਲੋਂ ਉਹਨਾਂ ਨੂੰ ਫੋਨ ਕਰਕੇ ਸਮਝੌਤਾ ਕਰਨ ਲਈ ਦਬਾਉ ਪਾਇਆ ਗਿਆ ਸੀ ਪ੍ਰੰਤੂ ਉਹਨਾਂ ਨੇ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਸੀ।
ਪੱਤਰ ਵਿਚ ਉਹਨਾਂ ਮੰਗ ਕੀਤੀ ਹੈ ਕਿ ਸਰਕਾਰੀ ਡਿਊਟੀ ਦੌਰਾਨ ਉਹਨਾਂ ਨਾਲ ਮੰਦੀ ਸ਼ਬਦਾਵਲੀ ਵਰਤਣ ਵਾਲੇ ਹਲਕਾ ਵਿਧਾਇਕ ਅਤੇ ਸੈਕਟਰ-71 ਦੇ ਕੌਂਸਲਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਵਰਨਾ ਉਹ ਮੁਲਾਜਮ ਜਥੇਬੰਦੀ ਦੇ ਰਾਹੀ ਸੰਘਰਸ਼ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਅਦਾਲਤ ਵਿਚ ਵੀ ਜਾਣਗੇ।
ਉਧਰ, ਦੂਜੇ ਪਾਸੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੇਸਰ ਸਿੰਘ ਵੱਲੋਂ ਲਗਾਏ ਇਲਜਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਨਿਗਮ ਦਾ ਇਹ ਕਰਮਚਾਰੀ ਅਸਲ ਵਿੱਚ ਪਸ਼ੂ ਮਾਲਕਾਂ ਦੇ ਨਾਲ ਮਿਲਿਆ ਹੋਇਆ ਹੈ ਅਤੇ ਉਸਦੀ ਸ਼ਹਿ ਤੇ ਹੀ ਸ਼ਹਿਰ ਵਿੱਚ ਪਿੰਡਾਂ ਵਾਲਿਆਂ ਦੇ ਪਸ਼ੂ ਸ਼ਹਿਰ ਵਿਚ ਚੁਰਾਉਣ ਲਈ ਛੱਡੇ ਜਾਂਦੇ ਹਨ। ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਵੀ ਇਸ ਕਰਮਚਾਰੀ ਵੱਲੋੱ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਕਾਰਵਾਈ ਕਰਦਿਆਂ ਨਾ ਸਿਰਫ ਪਸ਼ੂ ਮਾਲਕਾਂ ਨੂੰ ਉਹਨਾਂ ਦੇ ਪਸ਼ੂ ਭੱਜਾ ਕੇ ਲਿਜਾਣ ਦਿੱਤੇ ਗਏ ਬਲਕਿ ਇਸ ਕਰਮਚਾਰੀ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਕੰਮ ਕੀਤਾ ਜਾਂਦਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਸਬੰਧੀ ਸਮੇਂ ਸਮੇਂ ’ਤੇ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਉਹਨਾਂ ਨੇ ਇਸ ਕਰਮਚਾਰੀ ਨੂੰ ਅਜਿਹਾ ਕੁੱਝ ਵੀ ਨਹੀਂ ਆਖਿਆ ਜਿਵੇਂ ਕਿ ਇਹ ਇਲਜਾਮ ਲਗਾ ਰਿਹਾ ਹੈ ਪ੍ਰੰਤੂ ਉਹਨਾਂ ਵੱਲੋਂ ਇਸ ਕਰਮਚਾਰੀ ਦੇ ਇਸ ਨਾਂਹ ਪੱਖੀ ਰਵਈਏ ਕਾਰਨ ਸਥਾਨਕ ਸਰਕਾਰ ਮੰਤਰੀ ਨੂੰ ਇਸਦੀ ਸ਼ਿਕਾਇਤ ਜਰੂਰ ਕੀਤੀ ਹੈ ਜਿਸਤੋੱ ਆਪਣੀ ਚਮੜੀ ਬਚਾਉਣ ਲਈ ਇਹ ਕਰਮਚਾਰੀ ਬੇਬੁਨਿਆਦ ਇਲਜ਼ਾਮਬਾਜ਼ੀ ਕਰ ਰਿਹਾ ਹੈ। ਕਾਰਪੋਰੇਸ਼ਨ ਦੀ ਟੀਮ ਤੇ ਹਮਲਾ ਕਰਕੇ ਜਬਰੀ ਪਸ਼ੂ ਛੁਡਵਾ ਕੇ ਲਿਜਾਣ ਵਾਲਿਆਂ ਦੇ ਖਿਲਾਫ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੇ ਮਾਮਲੇ ਵਿਚ ਸਮਝੌਤੇ ਲਈ ਫੋਨ ਕਰਨ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੇ ਲੜਾਈ-ਝਗੜੇ ਦੇ ਮਾਮਲੇ ਵਿੱਚ ਸਮਝੌਤੇ ਲਈ ਕਿਹਾ ਸੀ ਨਾ ਕਿ ਪਸ਼ੂ ਛੱਡਣ ਵਾਸਤੇ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਨੁਮਾਇੰਦੇ ਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਉਹਨਾਂ ਦੀ ਪਹਿਲ ਹੈ।
ਸੈਕਟਰ-71 ਦੇ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਸਰ ਸਿੰਘ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਕੇਸਰ ਸਿੰਘ ਨੇ ਪਾਰਕ ਵਿੱਚ ਗਾਵਾਂ ਖੋਲ੍ਹ ਕੇ ਲਿਜਾਣ ਵਾਲੇ ਵਿਅਕਤੀਆਂ ਦਾ ਵਿਰੋਧ ਤੱਕ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ ਮੌਕੇ ਕਾਰਪੋਰੇਸ਼ਨ ਤੋਂ ਇਲਾਵਾ ਜਨ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਕਈ ਅਧਿਕਾਰੀ ਹਾਜ਼ਰ ਸਨ ਅਤੇ ਇਹ ਸਾਰਾ ਕੁੱਝ ਉਹਨਾਂ ਦੇ ਸਾਹਮਣੇ ਵਾਪਰਿਆ ਸੀ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਕੇਸਰ ਸਿੰਘ ਨੂੰ ਇਹ ਕਹਿਣ ’ਤੇ ਕਿ ਜੇਕਰ ਉਹਨਾਂ ਦੇ ਸਾਹਮਣੇ ਹੀ ਇਸ ਤਰ੍ਹਾਂ ਪਸ਼ੂ ਛੱਡੇ ਜਾਣਗੇ ਤਾਂ ਪਿੱਠ ਪਿੱਛੇ ਤਾਂ ਪਤਾ ਨਹੀਂ ਕੀ ਕੀ ਹੁੰਦਾ ਹੋਵੇਗਾ ਉਲਟਾ ਕੇਸਰ ਸਿੰਘ ਨੇ ਹੀ ਵਿਧਾਇਕ ਖ਼ਿਲਾਫ਼ ਬਦਜਬਾਨੀ ਕੀਤੀ ਸੀ ਅਤੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …