ਮੁਹਾਲੀ ਨਗਰ ਨਿਗਮ ਦੇ ਬਾਹਰ ਸਫ਼ਾਈ ਸੇਵਕਾਂ ਵੱਲੋਂ ਰੋਸ ਮੁਜ਼ਾਹਰਾ, ਭ੍ਰਿਸ਼ਟਾਚਾਰ ਦਾ ਘੜਾ ਭੰਨਿਆ

ਨਿਗਮ ਪ੍ਰਸ਼ਾਸਨ ’ਤੇ ਸਫ਼ਾਈ ਸੇਵਕਾਂ ਦੀ ਸੁਣਵਾਈ ਨਾ ਕਰਨ ਦਾ ਦੋਸ਼, ਨਾਅਰੇਬਾਜ਼ੀ ਕੀਤੀ

ਰਿਸ਼ਵਤਖ਼ੋਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਮੰਗੀ, ਰੋਕੀ ਤਨਖ਼ਾਹ ਦੇਣ ਤੇ ਨੌਕਰੀ ਬਹਾਲ ਕਰਨ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 11 ਸਤੰਬਰ:
ਮੁਹਾਲੀ ਵਿਚਲੇ ਪਬਲਿਕ ਪਖਾਨਿਆਂ ਦੇ ਸਫ਼ਾਈ ਕਰਮਚਾਰੀਆਂ ਅਤੇ ਵੱਖ-ਵੱਖ ਦਲਿਤ ਸੰਗਠਨਾਂ ਨੇ ਬੁੱਧਵਾਰ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਭ੍ਰਿਸ਼ਟਾਚਾਰ ਦਾ ਘੜਾ ਭੰਨ ਕੇ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਪਬਲਿਕ ਪਖਾਨਿਆਂ ਦੇ ਸਫ਼ਾਈ ਕਾਮਿਆਂ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ ਅਤੇ ਇਨ੍ਹਾਂ ਗਰੀਬ ਲੋਕਾਂ ਨੂੰ ਪਿਛਲੇ 5 ਮਹੀਨਿਆਂ ਦੀ ਰੋਕੀ ਹੋਈ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ। ਪੀੜਤ ਕਰਮਚਾਰੀਆਂ ਨੇ ਨਿਗਮ ਦੇ ਅਮਲੇ ’ਤੇ ਦੁਬਾਰਾ ਕੰਮ ਉੱਤੇ ਰੱਖਣ ਲਈ ਰਿਸ਼ਵਤ ਮੰਗਣ ਦੇ ਵੀ ਦੋਸ਼ ਲਾਏ ਹਨ।
ਅੱਜ ਸਫ਼ਾਈ ਕਰਮਚਾਰੀ ਇੱਥੋਂ ਦੇ ਫੇਜ਼-7 ਲਾਲ ਬੱਤੀ ਚੌਂਕ ਨੇੜੇ ਚੱਲ ਰਹੇ ਐਸਸੀ\ਬੀਸੀ ਮਹਾਂ ਪੰਚਾਇਤ ਦੇ ਪੱਕੇ ਮੋਰਚੇ ਵਿੱਚ ਪਹੁੰਚੇ ਅਤੇ ਇੱਥੋਂ ਕਾਲੇ ਚੋਗੇ ਪਾ ਕੇ ਰੋਸ ਮਾਰਚ ਕਰਦੇ ਹੋਏ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਉੱਥੇ ਧਰਨਾ ਲਗਾ ਕੇ ਬੈਠ ਗਏ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੋਸ਼ ਲਾਇਆ ਕਿ ਨਗਰ ਨਿਗਮ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ। ਗਮਾਡਾ, ਪੁੱਡਾ, ਪੰਚਾਇਤ ਵਿਭਾਗ, ਸਿੱਖਿਆ ਵਿਭਾਗ ਦਾ ਵੀ ਇਹੋ ਹਾਲ ਹੈ। ਸਰਕਾਰੀ ਦਫ਼ਤਰਾਂ ਵਿੱਚ ਪੈਸੇ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ। ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਕਾਮਿਆਂ ਨੇ ਜਿਨ੍ਹਾਂ ਅਫ਼ਸਰਾਂ ਅਤੇ ਅਮਲੇ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ, ਉਨ੍ਹਾਂ ਵਿਰੁੱਧ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਰਿਸ਼ੀਰਾਜ ਮਹਾਰ ਨੇ ਕਿਹਾ ਕਿ ਦਲਿਤ ਸਮਾਜ ਨੇ ਬੜੇ ਚਾਵਾਂ ਨਾਲ ਝਾੜੂ ਨੂੰ ਵੋਟਾਂ ਪਾਈਆਂ ਸਨ ਪ੍ਰੰਤੂ ‘ਆਪ’ ਸਰਕਾਰ ਦੇ ਸ਼ਾਸਨ ਵਿੱਚ ਜਿੰਨਾ ਉਹ ਦੁਖੀ ਹਨ, ਸ਼ਾਇਦ ਪਹਿਲਾਂ ਅਜਿਹਾ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਰਿਸ਼ਵਤ ਮੰਗਣ ਵਾਲੇ ਅਮਲੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ।
ਨਰੇਗਾ ਵਰਕਰ ਫਰੰਟ ਦੇ ਸੂਬਾ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਹਰਚੰਦ ਸਿੰਘ ਜਖਵਾਲੀ, ਲਖਵੀਰ ਸਿੰਘ ਬੌਬੀ, ਸ਼ਵਿੰਦਰ ਸਿੰਘ ਲੱਖੋਵਾਲ, ਜੀਵਨ ਸਿੰਘ ਸਰਪੰਚ ਅਤੇ ਮਨਜੀਤ ਸਿੰਘ ਬਾਜਵਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਦੌਲਤ ਰਾਮ ਪ੍ਰਧਾਨ, ਹਜ਼ਾਰਾ ਸਿੰਘ ਸਾਬਕਾ ਸਰਪੰਚ , ਡਾ. ਜਗਜੀਵਨ ਸਿੰਘ, ਵਿਕਰਮ ਸਿੰਘ, ਸਤੀਸ਼, ਸੁਭਮ, ਵਿਸ਼ਾਲ, ਮਾਊ ਜੀ ਪ੍ਰਧਾਨ, ਸੰਨੀ, ਬਲਬੀਰ, ਇੰਦਰ, ਰੇਖਾ, ਚੰਚਲ ਪਾਂਡੇ, ਰਣਜੀਤ ਕੌਰ, ਜੈ ਦੀਪ, ਸੋਨੀਆ, ਸ਼ਿਵਾਨੀ, ਸੁੰਦਰਮ, ਸੁਨੈਨਾ, ਮੁੰਨਾ ਸਿੰਘ, ਵੀਨਾ, ਭਾਗਵਤੀ, ਗੁੱਡੀ, ਸੋਨੀਆ ਦੇਵੀ, ਦੀਵਾਨ, ਬੰਟੀ ਕੁਮਾਰ, ਰੇਖਾ, ਵੀਰੋ, ਮੰਜੂ, ਸਰਜੂ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…