
ਹੜ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਰਿਪੋਰਟ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ
ਨਬਜ਼-ਏ-ਪੰਜਾਬ, ਮੁਹਾਲੀ, 16 ਜੁਲਾਈ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ’ਤੇ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਕੈਬਨਿਟ, ਵਿਧਾਇਕ ਅਤੇ ਆਪ ਵਲੰਟੀਅਰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਲੋਕਾਂ ਦੀਆਂ ਬਰੂਹਾਂ ’ਤੇ ਜਾ ਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ ਅਤੇ ਨੁਕਸਾਨ ਦੀ ਭਰਪਾਈ ਲਈ ਜਲਦੀ ਹੀ ਮੁੱਖ ਮੰਤਰੀ ਨੂੰ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁਹਾਲੀ ਨੇੜਲੇ ਪਿੰਡ ਰੁੜਕਾ, ਮੋਟੇਮਾਜਰਾ, ਨਗਾਰੀਂ ਸਮੇਤ ਹੋਰਨਾਂ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦੀ ਫ਼ੌਰੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਵਾਜਾਈ ਬਹਾਲ ਹੋ ਸਕੇ। ਉਨ੍ਹਾਂ ਪਿੰਡਾਂ ਵਿੱਚ ਬਿਜਲੀ-ਪਾਣੀ ਦੀ ਸਪਲਾਈ, ਲੰਗਰ ਅਤੇ ਮੈਡੀਕਲ ਸੇਵਾਵਾਂ ਦੇਣ ’ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਨਾਇਬ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ, ਕੁਲਦੀਪ ਸਿੰਘ ਸਮਾਣਾ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਡੀਐਸਪੀ ਹਰਸਿਮਰਨ ਸਿੰਘ ਬੱਲ, ਐਸਐਚਓ ਸਰਬਜੀਤ ਸਿੰਘ ਚੀਮਾ, ਸਨੇਟਾ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਸਮੇਤ ਜੇਈ ਪੰਚਾਇਤੀ ਰਾਜ, ਪੰਚਾਇਤ ਸੈਕਟਰੀ, ਪਟਵਾਰੀ ਵੀ ਹਾਜ਼ਰ ਸਨ।