ਕਿਸਾਨਾਂ ਤੇ ਦੁੱਧ ਉਤਪਾਦਕਾਂ ਦੀ ਲੜੀਵਾਰ ਭੁੱਖ-ਹੜਤਾਲ ਚੌਥੇ ਦਿਨ ’ਚ ਦਾਖ਼ਲ

ਕਿਸਾਨਾਂ ਨੇ ਦੁੱਧ ਡੋਲ ਕੇ ਵੇਰਕਾ ਮਿਲਕ ਪਲਾਂਟ ਮੈਨੇਜਮੈਂਟ ਦਾ ਪੁਤਲਾ ਸਾੜਿਆ, ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਦੁੱਧ ਉਤਪਾਦਕਾਂ ਦੀ ਲੜੀਵਾਰ ਭੁੱਖ-ਹੜਤਾਲ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਈ। ਇਸ ਦੌਰਾਨ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੇ ਦੁੱਧ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਦੁੱਧ ਡੋਲ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਵੇਰਕਾ ਮਿਲਕ ਪਲਾਂਟ ਮੈਨੇਜਮੈਂਟ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਅੱਜ ਹਾਕਮ ਸਿੰਘ, ਇਕਬਾਲ ਸਿੰਘ, ਦਲਬੀਰ ਸਿੰਘ, ਧਰਮਿੰਦਰ ਸਿੰਘ ਅਤੇ ਖੁਸ਼ਵੰਤ ਸਿੰਘ ਮੜੌਲੀ ਭੁੱਖ-ਹੜਤਾਲ ’ਤੇ ਬੈਠੇ ਸਨ। ਇਸੇ ਦੌਰਾਨ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਗਿਆਨ ਸਿੰਘ ਧੜਾਕ, ਸਿਮਰਜੀਤ ਸਿੰਘ ਅਤੇ ਹਰਚੰਦ ਸਿੰਘ ਗੜਾਂਗਾ ਨੇ ਕਿਹਾ ਕਿ ਸਰਕਾਰ ਦੁੱਧ ਉਤਪਾਦਕਾਂ ਨਾਲ ਸਿਰੇ ਦਾ ਧੱਕਾ ਕਰ ਰਹੀ ਹੈ ਅਤੇ ਵੇਰਕਾ ਮਿਲਕ ਪਲਾਂਟ ਨੇ ਪਿਛਲੇ ਦੋ ਸਾਲਾਂ ਵਿੱਚ ਦੁੱਧ ਦਾ ਭਾਅ ਨਹੀਂ ਵਧਾਇਆ, ਸਗੋਂ ਬੀਤੀ 11 ਜਨਵਰੀ ਤੋਂ ਦੁੱਧ ਦੇ ਭਾਅ ਘਟਾ ਦਿੱਤੇ ਹਨ ਜਦੋਂਕਿ ਆਪਣੇ ਉਤਪਾਦ ਮਹਿੰਗੇ ਵੇਚੇ ਜਾ ਰਹੇ ਹਨ। ਜਿਸ ਕਾਰਨ ਦੁੱਧ ਉਤਪਾਦਕਾਂ ਨੂੰ ਭੁੱਖ-ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ।
ਪਾਲ ਸਿੰਘ ਨਿਆਮੀਆਂ ਅਤੇ ਗੁਰਨਾਮ ਸਿੰਘ ਦਾਊਂ ਨੇ ਕਿਹਾ ਕਿ ਸਾਲ 2019 ਵਿੱਚ ਦੁੱਧ ਦਾ ਰੇਟ 72 ਰੁਪਏ ਕਿੱਲੋ ਸੀ ਅਤੇ ਫੀਡ 20 ਰੁਪਏ ਕਿੱਲੋ ਸੀ। ਅੱਜ ਦੁੱਧ ਦਾ ਰੇਟ ਘਟਾ ਕੇ 69 ਰੁਪਏ ਕਿੱਲੋ ਕਰ ਦਿੱਤਾ ਜਦੋਂਕਿ ਫੀਡ 35 ਰੁਪਏ ਕਿੱਲੋ ਹੋ ਗਈ ਹੈ। ਮਹਿੰਗਾਈ ਡੇਢ ਗੁਣਾ ਵੱਧ ਗਈ ਪਰ ਦੁੱਧ ਦਾ ਰੇਟ ਘਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਬੇਮੌਸਮੀ ਬਾਰਸ਼ ਨੇ ਫਸਲਾਂ ਅਤੇ ਪਸ਼ੂਆਂ ਦੇ ਚਾਰੇ ਦਾ ਕਾਫ਼ੀ ਨੁਕਸਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਰੇਟ 100 ਰੁਪਏ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਨੇ ਦਿੱਲੀ ਮੋਰਚਾ ਫਤਿਹ ਕੀਤਾ ਹੈ, ਓਵੇਂ ਦੁੱਧ ਦੇ ਰੇਟ ਵਿੱਚ ਵਾਧਾ ਕਰਵਾ ਕੇ ਹੀ ਦਮ ਲੈਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁੱਧ ਦਾ ਭਾਅ ਨਾ ਵਧਾਇਆਂ ਗਿਆ ਤਾਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਦਵਿੰਦਰ ਸਿੰਘ ਦੇਹਕਲਾਂ, ਬੂਟਾ ਸਿੰਘ ਨਿਆਮੀਆਂ, ਬਲਬੀਰ ਸਿੰਘ ਧੜਾਕ, ਸਤਨਾਮ ਸਿੰਘ ਲਖਨਪੁਰ, ਸਵਰਨ ਸਿੰਘ ਰੈਲੋਂ, ਹਰਮੀਤ ਸਿੰਘ ਡਡਿਆਣਾ, ਮਲਕੀਤ ਸਿੰਘ ਥੇੜੀ, ਗੁਰਿੰਦਰ ਸਿੰਘ ਗੜਾਂਗਾ, ਮਨਜੀਤ ਸਿੰਘ ਮਾਜਰੀ, ਅਮਰਜੀਤ ਸਿੰਘ ਟੋਡਰਮਾਜਰਾ, ਗਗਨਦੀਪ ਸਿੰਘ, ਹਰਮਨ ਸਿੰਘ, ਗੁਰਨੇਕ ਸਿੰਘ, ਹਰਿੰਦਰ ਸਿੰਘ ਰਾਏਪੁਰ, ਨਵੀਨ ਝੰਜੇੜੀ, ਜਸਪਾਲ ਸਿੰਘ ਲਾਂਡਰਾਂ, ਰਾਜੂ ਸਿੰਘ, ਜਸਵੰਤ ਸਿੰਘ ਪੂਨੀਆ, ਗੁਰਮੀਤ ਸਿੰਘ, ਜਸਵੀਰ ਸਿੰਘ, ਸੁਖਵੰਤ ਸਿੰਘ, ਬਚਿੱਤਰ ਸਿੰਘ, ਨਿਰਮਲ ਸਿੰਘ, ਸੁਖਪਾਲ ਸਿੰਘ ਅਤੇ ਰਣਵੀਰ ਰਾਣਾ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…