
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ 23 ਮਾਰਚ ਤੋਂ: ਡੀਸੀ
ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੇਪੋ) ਵਾਲੰਟੀਅਰਾਂ ਦਾ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਚ ਹੋਵੇਗਾ ਅਹਿਮ ਯੋਗਦਾਨ
ਲੋਕਾਂ ਦੀ ਸ਼ਮੂਲੀਅਤ ਨਾਲ ਸਮੁੱਚੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਨੂੰ ਦਿੱਤੀ ਜਾਵੇਗੀ ਤਰਜੀਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਖਟਕੜ ਕਲਾਂ ਤੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼ (ਡੇਪੋ) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਐਸ.ਏ.ਐਸ. ਨਗਰ ਜ਼ਿਲ੍ਹੇ ’ਚ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਡੇਪੋ ਮੈਂਬਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ 23 ਮਾਰਚ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਾਈ ਜਾਵੇਗੀ। ਅਜਿਹੇ ਸਮਾਗਮ ਸਬ-ਡਿਵੀਜ਼ਨ ਪੱਧਰ, ਜ਼ਿਲ੍ਹੇ ਵਿੱਚ ਪੈਂਦੀਆਂ ਯੂੁਨੀਵਰਸਿਟੀਆਂ ਤੇ ਕਾਲਜਾਂ ਵਿੱਚ ਵੀ ਆਯੋਜਿਤ ਕੀਤੇ ਜਾਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਮੁਹਿੰਮ ਲਈ ਜ਼ਿਲ੍ਹਾ ਪੱਧਰੀ ਮਿਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਚੇਅਰਪਰਸਨ ਖ਼ੁਦ ਡਿਪਟੀ ਕਮਿਸ਼ਨਰ ਹਨ। ਇਸ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਅਤੇ ਸਬੰਧਤ ਵਿਭਾਗਾਂ ਦੇ ਹੋਰ ਜ਼ਿਲ੍ਹਾ ਪੱਧਰੀ ਅਧਿਕਾਰੀ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਹਨ। ਇਸ ਸਬੰਧੀ ਅੱਜ 125 ਦੇ ਕਰੀਬ ਅਧਿਕਾਰੀ, ਵਾਲੰਟੀਅਰ ਬਣੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੀ ਤਰ੍ਹਾਂ ਸਬ-ਡਿਵੀਜ਼ਨ ਪੱਧਰ, ਪਿੰਡ ਪੱਧਰ ਅਤੇ ਸ਼ਹਿਰਾਂ ਵਿੱਚ ਮੁਹੱਲਾ/ਵਾਰਡ ਪੱਧਰ ’ਤੇ ਵੀ ਮਿਸ਼ਨ ਟੀਮਾਂ ਦਾ ਵੀ ਗਠਨ ਕੀਤਾ ਜਾਵੇਗਾ। ਸਬ-ਡਿਵੀਜ਼ਨ ਪੱਧਰ ਦੀ ਮਿਸ਼ਨ ਟੀਮ ਦੇ ਚੇਅਰਪਰਸਨ ਸਬੰਧਤ ਐਸ.ਡੀ.ਐਮ. ਹੋਣਗੇ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਤੋਂ ਉਪਰ ਹੋਵੇ ਤੇ ਉਸ ’ਤੇ ਕਿਸੇ ਕਿਸਮ ਦਾ ਅਪਰਾਧਿਕ ਜਾਂ ਡਰੱਗ ਸਬੰਧੀ ਕੇਸ ਦਰਜ ਨਾ ਹੋਵੇ, ਉਹ ਡੇਪੋ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਾਂਝ ਕੇਂਦਰਾਂ ਵਿੱਚ ਡੇਪੋ ਬਣਨ ਲਈ ਫਾਰਮ ਮੁਫ਼ਤ ਉਪਲੱਬਧ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਪੱਧਰ ਤੇ ਸਬ-ਡਿਵੀਜ਼ਨ ਪੱਧਰ ਦੇ ਸੇਵਾ ਕੇਂਦਰਾਂ ਵਿੱਚ ਡੇਪੋ ਬਣਨ ਲਈ ਫਾਰਮ ਉਪਲੱਬਧ ਹੋਣਗੇ। ਕੋਈ ਵੀ ਚਾਹਵਾਨ ਡੇਪੋ ਬਣਨ ਲਈ ਫਾਰਮ ਭਰ ਕੇ ਸਾਂਝ ਕੇਂਦਰਾਂ, ਸਬੰਧਤ ਐਸ.ਡੀ.ਐਮ. ਦਫ਼ਤਰ ਵਿੱਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਜ਼ਿਲ੍ਹੇ ਵਿੱਚ 50 ਹਜ਼ਾਰ ਤੋਂ ਵੱਧ ਡੇਪੋ ਬਣਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਡੇਪੋ ਬਣਨ ਲਈ ਪਰਫਾਰਮਾ ਜ਼ਿਲ੍ਹੇ ਦੀ ਵੈੱਬਸਾਈਟ www.sasnagar.gov.in . ’ਤੇ ਵੀ ਪਾਇਆ ਗਿਆ ਹੈ, ਕੋਈ ਵੀ ਚਾਹਵਾਨ ਡੇਪੋ ਬਣਨ ਲਈ ਪਰਫਾਰਮਾ ਡਾਊਨਲੋਡ ਕਰ ਕੇ ਭਰ ਕੇ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫਸਰਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 22 ਮਾਰਚ ਤੱਕ ਚੱਲੇਗੀ ਤੇ ਵਾਲੰਟੀਅਰਾਂ ਵੱਲੋਂ ਸਵੈ-ਇੱਛਾ ਨਾਲ ਸੇਵਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਇੱਕ ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫਸਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰੇ, ਨਸ਼ੇ ’ਚ ਫਸੇ ਲੋਕਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਸਬੰਧੀ ਜਾਣਕਾਰੀ ਦੇਵੇ, ਆਪਣੇ ਇਲਾਕੇ ’ਚ ਖੇਡਾਂ ਜਾਂ ਹੋਰ ਸਾਕਾਰਾਤਮਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਨਿਰਸਵਾਰਥ ਢੰਗ ਨਾਲ ਲੋਕ ਸੇਵਾ ਕਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ।