ਮਿਸ਼ਨ ਫਤਿਹ ਪੰਜਾਬ ਨੂੰ ਸਫਲ ਬਣਾਉਣ ਵਾਲੇ ਕਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ

ਕੁਦਰਤੀ ਕਰੋਪੀ ਨਾਲ ਸਿਰਜੋੜ ਕੇ ਲੜਨਾ ਹੀ ਪੰਜਾਬੀਆਂ ਦੀ ਫਿਤਰਤ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਕੋਵਿਡ-19 ਮਹਾਮਾਰੀ ਦੌਰਾਨ ਲੋੜਵੰਦਾਂ ਦੀ ਇਮਦਾਦ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ‘ਮਿਸ਼ਨ ਫਤਿਹ ਪੰਜਾਬ’ ਨੂੰ ਸਫ਼ਲ ਬਣਾਉਣ ਵਾਲੇ ਕਰੋਨਾ ਯੋਧਿਆਂ ਨੂੰ ਸਨਮਾਨਿਤ ਕਰਨ ਲਈ ਅੱਜ ਸਥਾਨਕ ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਵਿਖੇ ਇੱਕ ਵਿਸ਼ੇਸ਼ ਅਤੇ ਸਾਦੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਸੰਸਥਾ ਦੇ ਪਿੰ੍ਰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਵੱਲੋਂ ਕਰੀਬ ਦੋ ਦਰਜ਼ਨ ਸਿਖਿਆਰਥਣਾਂ ਅਤੇ ਮੁਲਾਜ਼ਮਾਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਜੁੜੇ ਸਟਾਫ਼ ਮੈਂਬਰਾਂ ਅਤੇ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਪੁਰਖਾਲਵੀ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਫਿਤਰਤ ਰਹੀ ਹੈ ਕਿ ਉਹ ਕੁਦਰਤੀ ਕਰੋਪੀ ਦੌਰਾਨ ਹਮੇਸ਼ਾ ਸਿਰਜੋੜ ਕੇ ਮਾਨਵ ਹਿੱਤ ਵਿੱਚ ਕੰਮ ਕਰਦੇ ਹਨ। ਜਿਸ ਦੇ ਕਾਰਨ ਪੀੜਾਂ ਨੂੰ ਸਹਿਜੇ ਹੀ ਸਮੇਟਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਤਾਲਾਬੰਦੀ ਦੌਰਾਨ ਆਪਣੇ ਘਰਾਂ ਵਿੱਚ ਸਹਿਮੇ ਬੈਠੇ ਸਨ। ਉਨ੍ਹਾਂ ਮੁਸ਼ਕਲ ਦਿਨਾਂ ਵਿੱਚ ਸੰਸਥਾ ਦੀਆਂ ਸਿਖਿਆਰਥਣਾਂ ਅਤੇ ਮੁਲਾਜ਼ਮਾਂ ਨੇ ਵਿਆਪਕ ਰਣਨੀਤੀ ਤਹਿਤ ਆਪਣੇ ਘਰਾਂ ਵਿੱਚ ਬੈਠ ਕੇ ਹੀ 46561 ਕੱਪੜੇ ਦੇ ਮਾਸਕਾਂ ਦਾ ਨਿਰਮਾਣ ਕਰਕੇ ਸਿਹਤ ਕਰਮੀਆਂ, ਪੁਲੀਸ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ, ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਵਿੱਚ ਮੁਫ਼ਤ ਵੰਡ ਕੇ ਇੱਕ ਮਿਸਾਲ ਕਾਇਮ ਕੀਤੀ ਗਈ, ਜਿਸ ਦੀ ਸਰਾਹਨਾ ਕਰਨੀ ਬਣਦੀ ਹੈ।
ਸ੍ਰੀ ਪੁਰਖਾਲਵੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੇ ਮਿਸ਼ਨ ਫਤਿਹ ਪੰਜਾਬ ਤਹਿਤ ਕਰੋਨਾ ਤੋਂ ਬਚਾਓ ਲਈ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਜਾਗਰੂਕ ਕਰਨ ਲਈ ਵੀ ਇਨ੍ਹਾਂ ਸਿਖਿਆਰਥਣਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ 2000 ਤੋਂ ਵੱਧ ਮਾਸਕ ਬਣਾਉਣ ਵਾਲੀਆਂ ਸੰਸਥਾ ਦੀਆਂ 10 ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ 4 ਅਗਸਤ ਨੂੰ ਆਯੋਜਿਤ ਕੀਤੇ ਜਾਣ ਵਾਲੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਕੋਲੋਂ ਵਿਸੇਸ਼ ਸਨਮਾਨ ਵੀ ਦਿਵਾਇਆ ਜਾਵੇਗਾ।
ਇਸ ਮੌਕੇ ਸੰਸਥਾ ਦੀ ਸਿਲਾਈ ਕਢਾਈ ਟਰੇਡ ਦੀ ਸਨਮਾਨਿਤ ਸਿਖਿਆਰਥਣ ਰਾਜਵਿੰਦਰ ਕੌਰ ਨੇ ਕਿਹਾ ਸਾਡੇ ਪਿੰ੍ਰਸੀਪਲ ਅਤੇ ਅਧਿਆਪਕਾਂ ਨੇ ਸਾਨੂੰ ਛੋਟੀ ਉਮਰ ਵਿੱਚ ਕਿਸੇ ਦੇ ਕੰਮ ਆਉਣ ਦੀ ਜੁਗਤ ਸਿਖਾਕੇ ਸਾਡੇ ਜੀਵਨ ਨੂੰ ਸਤਿਕਾਰਯੋਗ ਸੇਧ ਦਿੱਤੀ ਹੈ। ਇਸ ਕੁਦਰਤੀ ਕਰੋਪੀ ਦੌਰਾਨ ਅਸੀਂ ਕਿਸੇ ਦੇ ਕੰਮ ਆਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਹਾਂ। ਇਸ ਮੌਕੇ ਸੰਸਥਾ ਦੇ ਇੰਸਟਰਕਟਰ ਵਰਿੰਦਰਪਾਲ ਸਿੰਘ, ਸ੍ਰੀਮਤੀ ਉਪਾਸਨਾ ਅੱਤਰੀ, ਰਾਕੇਸ਼ ਕੁਮਾਰ ਡੱਲਾ ਸ੍ਰੀਮਤੀ ਦਰਸ਼ਨਾ ਕੁਮਾਰੀ, ਅਨਿਲ ਕੁਮਾਰ ਸੈਣੀ, ਸ੍ਰੀਮਤੀ ਜਸਵੀਰ ਕੌਰ ਅਤੇ ਸ੍ਰੀਮਤੀ ਰਜਨੀ ਬੰਗਾ, ਗੁਰਬਚਨ ਸਿੰਘ, ਕੁਮਾਰੀ ਅਲਕਾ, ਮਾਨਇੰਦਰਪਾਲ ਸਿੰਘ ਅਤੇ ਅਨਿਲ ਕੁਮਾਰ ਹਾਜ਼ਰ ਸਨ। ਅੰਤ ਵਿੱਚ ਸਾਰਿਆਂ ਲਈ ਇੱਕ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਾਕੇਸ਼ ਕੁਮਾਰ ਡੱਲਾ ਨੇ ਬਾਖ਼ੂਬੀ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…