
ਸਿਹਤ ਵਿਭਾਗ ਵੱਲੋਂ ਸਵਾ ਲੱਖ ਘਰਾਂ ਦਾ ਸਰਵੇ, 2800 ਘਰਾਂ ’ਚ ਮਿਲਿਆ ਡੇਂਗੂ ਦਾ ਲਾਰਵਾ
ਡੇਂਗੂ ਤੋਂ ਬਚਾਅ ਲਈ ਘਰਾਂ ਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦੇਣ ਲੋਕ: ਸਿਵਲ ਸਰਜਨ
ਨਬਜ਼-ਏ-ਪੰਜਾਬ, ਮੁਹਾਲੀ, 22 ਅਗਸਤ:
ਸਿਹਤ ਵਿਭਾਗ ਦੀ ਮੁਸਤੈਦੀ ਦੇ ਬਾਵਜੂਦ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਦਾ ਪ੍ਰਕੋਪ ਜਾਰੀ ਹੈ। ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹੁਣ ਤੱਕ ਸਮੁੱਚੇ ਜ਼ਿਲ੍ਹੇ ਅੰਦਰ ਲਗਪਗ ਸਵਾ ਲੱਖ ਘਰਾਂ ਅਤੇ ਹੋਰਨਾਂ ਥਾਵਾਂ ਦਾ ਸਰਵੇਖਣ ਕੀਤਾ ਗਿਆ। ਇਸ ਦੌਰਾਨ 2800 ਘਰਾਂ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਹੈ। ਸਿਵਲ ਸਰਜਨ ਡਾ. ਮਹੇਸ਼ ਆਹੂਜਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ 922 ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਟੀਮਾਂ ਨੇ ਘਰਾਂ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖਾਲੀ ਟਾਇਰਾਂ, ਬਕਸਿਆਂ ਤੇ ਹੋਰ ਫ਼ਾਲਤੂ ਸਮਾਨ ਦੀ ਜਾਂਚ ਕੀਤੀ। ਇਸ ਦੌਰਾਨ 373019 ਕੰਟੇਨਰ ਚੈੱਕ ਕੀਤੇ ਗਏ ਅਤੇ 3911 ਕੰਟੇਨਰਾਂ ’ਚੋਂ ਲਾਰਵਾ ਮਿਲਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਸਿਹਤ ਟੀਮਾਂ ਵੱਲੋਂ ਜਾਂਚ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਜਨਵਰੀ ਮਹੀਨੇ ਤੋਂ ਨਿਰੰਤਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।
ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿੱਚ ਖ਼ਤਰਨਾਕ ਮੱਛਰ ਦਾ ਰੂਪ ਧਾਰ ਲੈਂਦਾ ਹੈ, ਜੋ ਮਨੁੱਖ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਬੁਖ਼ਾਰ ਜੁਲਾਈ ਤੋਂ ਨਵੰਬਰ ਅਖੀਰ ਤੱਕ ਜ਼ਿਆਦਾ ਫੈਲਦਾ ਹੈ। ਉਨ੍ਹਾਂ ਲੋਕਾਂ ਨੂੰ ਡੇਂਗੂ ਪ੍ਰਤੀ ਚੌਕਸ ਅਤੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਕਿਤੇ ਵੀ ਸਾਫ਼ ਜਾਂ ਗੰਦਾ ਪਾਣੀ ਖੜਾ ਨਾ ਹੋਣ ਦੇਣ। ਜਦੋਂ ਵੀ ਨਗਰ ਕੌਂਸਲ ਦੀ ਟੀਮ ਗਲੀ-ਮੁਹੱਲੇ ਵਿੱਚ ਫੌਗਿੰਗ ਕਰਨ ਆਉਂਦੀ ਹੈ ਤਾਂ ਘਰਾਂ ਦੇ ਦਰਵਾਜ਼ੇ ਅਤੇ ਤਾਕੀਆਂ ਖੱੁਲ੍ਹੇ ਰੱਖੇ ਜਾਣ ਤਾਂ ਜੋ ਮੱਛਰ ਦਾ ਖ਼ਾਤਮਾ ਹੋ ਸਕੇ।
ਸਿਵਲ ਸਰਜਨ ਨੇ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਿਹਾ ਹੈ ਪਰ ਲੋਕਾਂ ਦੀ ਮਦਦ ਨਾਲ ਜ਼ਿਲ੍ਹੇ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕਦਾ ਹੈ। ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਜੇ ਕਿਸੇ ਨੂੰ ਡੇਂਗੂ ਬਾਰੇ ਸ਼ੱਕ ਹੋਵੇ ਤਾਂ ਉਹ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਆਪਣੀ ਜਾਂਚ ਕਰਵਾਏ। ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ-104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।