
ਕਿੱਕਰ ਦਾ ਵੱਡਾ ਰੁੱਖ ਟੁੱਟ ਕੇ ਹਾਈਟੈਂਸ਼ਨ ਤਾਰਾਂ ’ਤੇ ਡਿੱਗਿਆ, ਕਈ ਘਰਾਂ ਉੱਤੇ ਡਿੱਗੀਆਂ ਨੰਗੀਆਂ ਤਾਰਾਂ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਅਗਸਤ:
ਖਰੜ ਦੇ ਰੰਧਾਵਾ ਰੋਡ ਇਲਾਕੇ ਸ਼ੁੱਕਰਵਾਰ ਨੂੰ ਸਵੇਰੇ ਹੋਈ ਬਾਰਸ਼ ਦੌਰਾਨ ਅਚਾਨਕ 11 ਵਜੇ ਰਿਹਾਇਸ਼ੀ ਖੇਤਰ ਵਿੱਚ ਖਾਲੀ ਪਲਾਟ ਵਿੱਚ ਖੜਾ ਕਿੱਕਰ ਦਾ ਇੱਕ ਵੱਡਾ ਦਰੱਖਤ ਆਪਣੇ ਹੀ ਭਾਰ ਵਿੱਚ ਟੁੱਟ ਕੇ ਹਾਈਟੈਂਸ਼ਨ ਤਾਰਾਂ ਉੱਤੇ ਡਿੱਗ ਪਿਆ। ਜਿਸ ਕਾਰਨ ਇਨ੍ਹਾਂ ਤਾਰਾਂ ’ਤੇ ਪੈਣ ਵਾਲੇ ਭਾਰ ਕਾਰਨ ਤਾਰਾਂ ਟੁੱਟਣ ਅਤੇ ਆਸ ਪਾਸ ਰਹਿਣ ਵਾਲੇ ਲੋਕਾਂ ਦੀ ਜਾਨ ਲਈ ਖਤਰੇ ਦੇ ਹਾਲਾਤ ਬਣ ਗਏ ਹਨ। ਇਸ ਸਬੰਧੀ ਰੰਧਾਵਾ ਰੋਡ ਖਰੜ ਦੇ ਵਸਨੀਕ ਦਰਸ਼ਨ ਸਿੰਘ ਸੋਢੀ, ਰਣਧੀਰ ਸਿੰਘ ਭੱਟੀ ਅਤੇ ਹੋਰਨਾਂ ਮੁਹੱਲਾ ਨਿਵਾਸੀਆਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਪੱਤਰ ਦਾ ਇਕ ਇਕ ਉਤਾਰਾ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਐਸਡੀਐਮ ਹਿਮਾਸ਼ੂ ਜੈਨ, ਪਾਵਰਕੌਮ ਦੇ ਐਕਸੀਅਨ, ਐਸਡੀਓ ਅਤੇ ਇਲਾਕੇ ਦੇ ਜੇਈ ਨੂੰ ਭੇਜਿਆ ਗਿਆ ਹੈ।
ਪੀੜਤ ਲੋਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਬਾਰਸ਼ ਸ਼ੁਰੂ ਹੋਣ ਦੌਰਾਨ ਸਵੇਰੇ ਤਕਰੀਬਨ 11 ਵਜੇ ਰੰਧਾਵਾ ਰੋਡ ਖਰੜ ਵਿੱਚ ਅਚਾਨਕ ਕਿੱਕਰ ਦਾ ਇੱਕ ਵੱਡਾ ਦਰੱਖ਼ਤ ਟੁੱਟ ਕੇ ਹਾਈਟੈਂਸ਼ਨ ਤਾਰਾਂ ਉੱਤੇ ਡਿੱਗ ਗਿਆ। ਜਿਸ ਕਾਰਨ ਨੰਗੀਆਂ ਤਾਰਾਂ ਕਈ ਘਰਾਂ ਉੱਤੇ ਡਿੱਗੀਆਂ ਹਨ ਅਤੇ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਪਹਿਲ ਦੇ ਆਧਾਰ ’ਤੇ ਤਾਰਾਂ ਉੱਤੇ ਡਿੱਗਿਆ ਕਿੱਕਰ ਦਾ ਦਰੱਖਤ ਪਾਸੇ ਹਟਾਇਆ ਜਾਵੇ। ਉਧਰ, ਸਮਾਜ ਸੇਵੀ ਨਵਦੀਪ ਸਿੰਘ ਬੱਬੂ ਨੇ ਵੀ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਮਜਦੂਰਾਂ ਨੇ ਹਾਈਟੈਸ਼ਨ ਤਾਰਾਂ ਉੱਤੇ ਡਿੱਗੇ ਕਿੱਕਰ ਦੇ ਦਰੱਖ਼ਤ ਨੂੰ ਕੱਟ ਕੇ ਪਾਸੇ ਹਟਾਇਆ ਗਿਆ।