ਮੁਹਾਲੀ ਹਵਾਈ ਅੱਡੇ ’ਤੇ ਕੇਜਰੀਵਾਲ ਤੇ ਹੋਰ ਸ਼ਖ਼ਸੀਅਤਾਂ ਦਾ ਗਰਮਜੋਸ਼ੀ ਨਾਲ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਨਾਲ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਪਹੁੰਚੇ। ਕੇਜਰੀਵਾਲ ਨਾਲ ਉਨ੍ਹਾਂ ਦੀ ਪਤਨੀ ਅਤੇ ਬੇਟੀ ਵੀ ਸੀ। ਇੱਥੇ ਉਨ੍ਹਾਂ ਦਾ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਚੇਤਨ ਸਿੰਘ ਜੋੜਾ ਮਾਜਰਾ, ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ, ਪੰਜਾਬ ਦੇ ਨਵੇਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਅਤੇ ਡੀਜੀਪੀ ਗੌਰਵ ਯਾਦਵ ਨੇ ਫੁੱਲਾਂ ਦੇ ਖ਼ੂਬਸੂਰਤ ਗੁਲਦਸਤੇ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇੱਥੇ ਪੁਲੀਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਮੁਹਾਲੀ ਹਵਾਈ ਅੱਡੇ ’ਤੇ ਵੀ ਲਗਪਗ ਵਿਆਹ ਵਰਗਾ ਮਾਹੌਲ ਸੀ। ਮਹਿਮਾਨ ਨਿਵਾਜਗੀ ਲਈ ਕੇਜਰੀਵਾਲ ਦੇ ਸਵਾਗਤ ਲਈ ਏਅਰਪੋਰਟ ’ਤੇ ਮੌਜੂਦ ਆਪ ਲੀਡਰਸ਼ਿਪ ਅਤੇ ਅਫ਼ਸਰਾਂ ਦੇ ਹੱਥਾਂ ਵਿੱਚ ਵੱਡੇ-ਵੱਡੇ ਗੁਲਦਸਤੇ ਫੜੇ ਹੋਏ ਸਨ। ਭਗਵੰਤ ਮਾਨ ਕੈਬਨਿਟ ਦੇ ਕਈ ਸਾਥੀਆਂ ਸਮੇਤ ਪੰਜਾਬ ਦੇ ਸੀਨੀਅਰ ਅਫ਼ਸਰ ਖ਼ੁਸ਼ੀ ਵਿੱਚ ਫੁੱਲੇ ਨਹੀਂ ਸਮਾਂ ਰਹੇ ਸੀ। ਹਰੇਕ ਦੇ ਚਿਹਰੇ ’ਤੇ ਰੌਣਕ ਸੀ ਅਤੇ ਹਰ ਕੋਈ ਅਰਵਿੰਦ ਕੇਜਰੀਵਾਲ ਨੂੰ ਨੇੜਿਓ ਮਿਲਣ ਲਈ ਉਤਾਵਲਾ ਦਿਖਾਈ ਦੇ ਰਿਹਾ ਸੀ। ਹਵਾਈ ਅੱਡੇ ਤੋਂ ਬਾਹਰ ਆਉਂਦੇ ਸਮੇਂ ਕਈ ਆਪ ਆਗੂ ਅਤੇ ਅਧਿਕਾਰੀ ਕੇਜਰੀਵਾਲ ਦੇ ਨਾਲ-ਨਾਲ ਚੱਲਣ ਦਾ ਯਤਨ ਕਰ ਰਹੇ ਸੀ। ਬੁੱਕੇ ਭੇਟ ਕਰਨ ਸਮੇਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਕੇਜਰੀਵਾਲ ਨਾਲ ਦੋ ਪਲਾਂ ਲਈ ਖ਼ੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਮੁਹਾਲੀ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਰਾਜ ਸਭਾ ਦੇ ਮੈਂਬਰ ਰਾਘਵ ਚੱਡਾ, ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। ਚਲਦੇ ਚਲਦੇ ਮੀਡੀਆ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਸਿਰਫ਼ ਐਨਾ ਹੀ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਖ਼ੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਕਰਵਾਉਣ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਰਾਘਵ ਚੱਡਾ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਵੱਡਾ ਭਰਾ ਭਗਵੰਤ ਮਾਨ ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਦੀ ਬੇਬੇ ਦਾ ਵੀ ਚਾਅ ਪੂਰਾ ਹੋ ਗਿਆ ਹੈ। ਅਖੀਰ ਵਿੱਚ ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ‘‘ਅੱਜ ਸਾਡੇ ਵੀਰ ਦਾ ਵਿਆਹ ਤੇ ਸਾਨੂੰ ਗੋਡੇ ਗੋਡੇ ਚਾਅ।’’ ਕਹਿ ਕੇ ਆਪਣੀ ਗੱਲ ਖ਼ਤਮ ਕੀਤੀ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਵੀਂ ਪਾਰੀ ਲਈ ਵਧਾਈਆਂ ਦਿੱਤੀਆਂ।
ਉਧਰ, ਮੁਹਾਲੀ ਹਵਾਈ ਅੱਡੇ ’ਤੇ ਵੀਆਈਪੀਜ਼ ਦੀ ਆਮਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜਿਸ ਕਾਰਨ ਯਾਤਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੁਰੱਖਿਆ ਦਸਤੇ ਵੱਲੋਂ ਹਰੇਕ ਯਾਤਰੀ ਦੀ ਤਲਾਸ਼ੀ ਲੈਣ ਅਤੇ ਪੁੱਛਗਿੱਛ ਦੌਰਾਨ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਹੀ ਉਸ ਨੂੰ ਅੰਦਰ ਜਾਣ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …