
ਬੜਮਾਜਰਾ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ
ਹਮਲਾਵਰਾਂ ਨੇ ਕਿਰਪਾਨਾਂ, ਰਾਡਾਂ ਤੇ ਇੱਟਾਂ ਮਾਰ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਮੁਹਾਲੀ ਦੀ ਜੂਹ ਵਿੱਚ ਪਿੰਡ ਬੜਮਾਜਰਾ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਬੰਟੀ ਸ਼ਰਮਾ (26) ਪੁੱਤਰ ਦੇਵਰਾਜ ਸ਼ਰਮਾ ਵਜੋ ਹੋਈ ਹੈ। ਉਹ ਫਨਾਂਸ ਦਾ ਕੰਮ ਕਰਦਾ ਸੀ। ਇਸ ਘਟਨਾ ਦੇ ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜ ਰਹੇ ਹਨ। ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦੇ ਸਾਥੀ ਜੌਕਰ ਦੇ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਬਾਰੇ ਪਤਾ ਲੱਗਾ ਹੈ। ਇਹ ਘਟਨਾ ਲੰਘੀ ਰਾਤ ਸਾਢੇ 10 ਵਜੇ ਵਾਪਰੀ ਦੱਸੀ ਜਾ ਰਹੀ ਹੈ। ਅਣਪਛਾਤੇ ਹਮਲਾਵਰਾਂ ਵੱਲੋਂ ਬੰਟੀ ਨੂੰ ਕਿਰਪਾਨਾਂ, ਲੋਹੇ ਦੀਆਂ ਰਾਡਾਂ ਅਤੇ ਇੱਟਾਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ।
ਹਾਲਾਂਕਿ ਬੰਟੀ ਨੇ ਆਪਣੀ ਜਾਨ ਬਚਾਉਣ ਲਈ ਕਾਰ ’ਚੋਂ ਬਾਹਰ ਆ ਕੇ ਗੁਰੂ ਨਾਨਕ ਕਲੋਨੀ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਹਮਲਾਵਰਾਂ ਨੇ ਉਸ ਦਾ ਪਿੱਛਾ ਕਰਕੇ ਰਸਤੇ ਵਿੱਚ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੇਰ ਰਾਤ ਉਸ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਪ੍ਰੰਤੂ ਪੀਜੀਆਈ ਦੇ ਡਾਕਟਰਾਂ ਨੇ ਬੰਟੀ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਨੌਜਵਾਨ ਦੀ ਮਾਂ ਮਮਤਾ ਰਾਣੀ ਅਤੇ ਭੈਣ ਨੇਹਾ ਨੇ ਦੱਸਿਆ ਕਿ ਬੀਤੀ ਰਾਤ ਬੰਟੀ ਘਰ ਵਿੱਚ ਹੀ ਸੀ। ਬੰਟੀ ਨੂੰ ਉਸ ਦੇ ਦੋਸਤ ਦਾ ਫੋਨ ਆਇਆ ਕਿ ਉਸ ਦੀ ਅਣਪਛਾਤੇ ਕੁੱਟਮਾਰ ਕਰ ਰਹੇ ਹਨ ਤਾਂ ਬੰਟੀ ਆਪਣੇ ਇਕ ਹੋਰ ਦੋਸਤ ਨਾਲ ਕਾਰ ਵਿੱਚ ਘਰੋਂ ਚਲਾ ਗਿਆ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਉਸ (ਬੰਟੀ) ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਲੜਾਈ-ਝਗੜਾ ਹੋਣ ਬਾਰੇ ਉਨ੍ਹਾਂ ਨੇ ਪੁਲੀਸ ਨੂੰ ਸੁੂਚਨਾ ਦਿੱਤੀ ਸੀ ਪਰ ਪੁਲੀਸ ਤੁਰੰਤ ਮੌਕੇ ’ਤੇ ਨਹੀਂ ਪਹੁੰਚੀ। ਬੰਟੀ ਦੀ ਮਾਂ ਮਮਤਾ ਨੇ ਦੱਸਿਆ ਕਿ ਉਸ ਦਾ ਬੇਟਾ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਲੋਕਾਂ ਨੂੰ ਵਿਆਜ ’ਤੇ ਪੈਸੇ ਦਿੰਦਾ ਸੀ। ਇਸ ਦੌਰਾਨ ਮਿੱਤਲ ਨਾਂਅ ਦੇ ਵਿਅਕਤੀ ਨੇ ਉਸ ਤੋਂ ਵਿਆਜ ’ਤੇ ਪੈਸੇ ਲਏ ਸਨ। ਹੁਣ ਜਦੋਂ ਬੰਟੀ ਨੇ ਪੈਸੇ ਵਾਪਸ ਮੰਗੇ ਤਾਂ ਮਿੱਤਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਪੀੜਤ ਪਰਿਵਾਰ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਮਿੱਤਲ ਦੇ ਦੋਸਤ ਕਾਲੀ ਸ਼ੂਟਰ ਨਾਮ ਦੇ ਗੈਂਗਸਟਰ ਵੱਲੋਂ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਮਿੱਤਲ ਨੂੰ ਵਿਆਜ ਦੇਣ ਦਿੱਤੇ ਪੈਸੇ ਨਾ ਮੰਗੇ ਜਾਣ, ਵਰਨਾ ਬੰਟੀ ਨੂੰ ਜਾਨ ਤੋਂ ਮਾਰ ਦੇਵਾਂਗੇ। ਇਸਦੀ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ। ਇਸ ਸਬੰਧੀ ਉਨ੍ਹਾਂ ਨੇ ਬਲੌਂਗੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇ ਪੁਲੀਸ ਵੱਲੋਂ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਉਸ ਦੇ ਬੇਟੇ ਜਾਨ ਬਚ ਸਕਦੀ ਸੀ। ਬੰਟੀ ਦੀ ਮਾਂ ਨੇ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਵਾਈ ਕਾਰਨ ਉਸ ਦੇ ਪੁੱਤ ਦੀ ਜਾਨ ਗਈ ਹੈ। ਜਦੋਂਕਿ ਥਾਣਾ ਮੁਖੀ ਪੀਐਸ ਗਰੇਵਾਲ ਦਾ ਕਹਿਣਾ ਹੈ ਕਿ ਕਾਲੀ ਸ਼ੂਟਰ ਵੱਲੋਂ ਧਮਕੀਆਂ ਦੇਣ ਬਾਰੇ ਬੰਟੀ ਦੇ ਪਰਿਵਾਰ ਨੇ ਪੁਲੀਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਬੰਟੀ ਸ਼ਰਮਾ ਦਾ ਰਾਤ ਲੜਾਈ ਝਗੜਾ ਹੋਇਆ ਸੀ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੂੰ ਇਸ ਦੀ ਸੂਚਨਾ ਅੱਜ ਸਵੇਰੇ ਮਿਲੀ ਸੀ ਅਤੇ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ। ਥਾਣਾ ਮੁਖੀ ਨੇ ਦੱਸਿਆ ਕਿ ਬੰਟੀ ਖ਼ਿਲਾਫ਼ ਐਨਡੀਪੀਐਸ ਤਹਿਤ ਕੇਸ ਦਰਜ ਹੈ। ਇੰਜ ਹੀ ਫੇਜ਼-11 ਦੇ ਥਾਣੇ ਵਿੱਚ ਵੀ ਬੰਟੀ ਖ਼ਿਲਾਫ਼ ਪਰਚਾ ਦਰਜ ਹੈ। ਉਨ੍ਹਾਂ ਕਿਹਾ ਕਿ ਪੁਲੀਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਫੋਰੈਂਸ਼ਿਕ ਟੀਮ ਨੇ ਵੀ ਘਟਨਾ ਸਥਾਨ ਤੋਂ ਸੈਂਪਲ ਲਏ।
ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਕਿਹਾ ਕਿ ਪੁਲੀਸ ਨੂੰ ਮਿਲੀ ਸੂਚਨਾ ਅਨੁਸਾਰ ਲੰਘੀ ਰਾਤ ਦੋ ਧੜਿਆਂ ਵਿਚਾਲੇ ਲੜਾਈ ਹੋਈ ਸੀ ਪਰ ਲੜਾਈ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਇਸ ਘਟਨਾ ਬਾਰੇ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।