ਬੈਂਕ ਖਾਤਾ ਬੰਦ ਕਰਨ ਦੀ ਧਮਕੀ ਦੇ ਕੇ ਨੌਜਵਾਨ ਤੋਂ ਪੱੁਛਿਆ ਖਾਤਾ ਨੰਬਰ ਤੇ ਪਾਸਵਰਡ, 5 ਹਜ਼ਾਰ ਕਢਵਾਏ
ਨਿਊਜ਼ ਡੈਸਕ ਸਰਵਿਸ
ਮੁਹਾਲੀ, 5 ਦਸੰਬਰ
ਮੁਹਾਲੀ ਦੇ ਵਸਨੀਕ ਇੱਕ ਨੌਜਵਾਨ ਵਿਦਿਆਰਥੀ ਨੂੰ ਉਸ ਦੇ ਮੋਬਾਈਲ ਫੋਨ ਉਤੇ ਕੰਪਨੀ ਦਾ ਅਧਿਕਾਰੀ ਦੱਸ ਕੇ ਏ.ਟੀ.ਐਮ. ਬਲਾਕ ਕੀਤੇ ਜਾਣ ਦੀ ਧਮਕੀ ਦਿੱਤੀ ਅਤੇ ਫਿਰ ਉਸ ਦੇ ਬੈਂਕ ਅਕਾਉਂਟ ਵਿੱਚੋਂ ਦਸ ਹਜ਼ਾਰ ਰੁਪਏ ਕੱਢ ਲੈਣ ਦਾ ਸਮਾਚਾਰ ਹੈ। ਠੱਗੀ ਦਾ ਸ਼ਿਕਾਰ ਹੋਏ ਰਾਕੇਸ਼ ਕੁਮਾਰ ਨੇ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਹੈ ਅਤੇ ਪਾਰਟ ਟਾਈਮ ਨੌਕਰੀ ਕਰਦਾ ਹੈ। ਐਤਵਾਰ ਨੂੰ ਉਸ ਦੇ ਮੋਬਾਈਲ ਉਤੇ ਇੱਕ ਫ਼ੋਨ ਆਇਆ। ਫ਼ੋਨ ਕਰਨ ਵਾਲੇ ਵਿਅਕਤੀ ਨੇ ਉਸਨੂੰ ਕਿਹਾ ਕਿ ਉਸ ਦਾ ਬੈਂਕ ਅਕਾਉਂਟ ਬੰਦ ਕੀਤਾ ਜਾ ਰਿਹਾ ਹੈ। ਆਪਣਾ ਅਕਾਊਂਟ ਚਾਲੂ ਰੱਖਣ ਲਈ ਉਸ ਨੂੰ ਆਪਣਾ ਅਕਾਊਂਟ ਨੰਬਰ ਅਤੇ ਏ.ਟੀ.ਐਮ. ਦਾ ਪਾਸਵਰਡ ਦੱਸਣਾ ਪਵੇਗਾ। ਆਪਣਾ ਬੈਂਕ ਅਕਾਊਂਟ ਬੰਦ ਹੋਣ ਦੇ ਡਰੋਂ ਰਾਕੇਸ਼ ਨੇ ਉਸ ਨੂੰ ਅਕਾਉਂਟ ਨੰਬਰ ਅਤੇ ਏ.ਟੀ.ਐਮ. ਦਾ ਪਾਸਵਰਡ ਦੱਸ ਦਿੱਤਾ। ਸ਼ਾਮ ਨੂੰ ਉਸ ਦੇ ਮੋਬਾਈਲ ਉਤੇ ਮੈਸੇਜ ਆਇਆ ਕਿ ਉਸ ਦੇ ਅਕਾਉਂਟ ਵਿੱਚੋਂ 5 ਹਜ਼ਾਰ ਰੁਪਏ ਕੱਢੇ ਗਏ ਹਨ। ਅੱਜ ਦੂਜੇ ਦਿਨ ਜਦੋਂ ਉਸ ਨੇ ਆਪਣੇ ਬੈਂਕ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੈਂਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਸ ਦੇ ਅਕਾਉਂਟ ਵਿੱਚੋਂ ਪੈਸੇ ਨਿਕਲ ਚੁੱਕੇ ਹਨ ਪ੍ਰੰਤੂ ਉਹ ਇਸ ਵਿੱਚ ਕੋਈ ਮੱਦਦ ਨਹੀਂ ਕਰ ਸਕਦੇ। ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਰਾਕੇਸ਼ ਨੇ ਫੇਜ਼-1 ਥਾਣੇ ਵਿੱਚ ਦਿੱਤੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।