
ਮੁਹਾਲੀ ਦੇ ਫੇਜ਼-7 ਵਿਚਲਾ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਆਮ ਆਦਮੀ ਪਾਰਟੀ (ਆਪ) ਦੇ ਆਗੂ ਫੂਲਰਾਜ ਸਿੰਘ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਅੱਜ ਇੱਥੋਂ ਫੇਜ਼-7 ਵਿਖੇ ਐਸਐਮਓ ਡਾ. ਐਚਅੇਸ ਚੀਮਾ ਦੀ ਮੌਜੂਦਗੀ ਵਿੱਚ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਈ ਆਮ ਆਦਮੀ ਕਲੀਨਿਕ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿੱਥੇ ਲੋਕਾਂ ਨੂੰ ਮਿਆਰੀ ਤੇ ਸੁਚੱਜੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਨਵੇਂ ਆਮ ਆਦਮੀ ਕਲੀਨਿਕ ਵੀ ਜ਼ਿਲ੍ਹਾ ਵਾਸੀਆਂ ਲਈ ਵਰਦਾਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਹਰ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ਼ ਹੋਵੇਗਾ। ਕਲੀਨਿਕਾਂ ਵਿੱਚ ਮਰੀਜ਼ਾਂ ਦੇ ਆਧਾਰ ੋਤੇ ਸਟਾਫ਼ ਨੂੰ ਸੂਚੀਬੱਧ ਕੀਤਾ ਜਾਵੇਗਾ। ਇਹ ਕਲੀਨਿਕ ਆਮ ਬਿਮਾਰੀਆਂ, ਸੱਟਾਂ ਲਈ ਫਸਟ ਏਡ, ਡਰੈਸਿੰਗ ਅਤੇ ਮਾਮੂਲੀ ਜ਼ਖ਼ਮਾਂ ਦਾ ਇਲਾਜ ਕਰਕੇ ਆਊਟਡੋਰ ਮਰੀਜ਼ਾਂ ਨੂੰ ਦੇਖਭਾਲ ਪ੍ਰਦਾਨ ਕਰਨਗੇ। ਇਨ੍ਹਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ੍ਹਅੱਪ ਵੀ ਕੀਤਾ ਜਾਵੇਗਾ। ਇਸ ਮੌਕੇ ਕਈ ਆਪ ਆਗੂ, ਮੈਡੀਕਲ ਅਫ਼ਸਰ ਤੇ ਹੋਰ ਸਿਹਤ ਅਧਿਕਾਰੀ ਮੌਜੂਦ ਸਨ।