Nabaz-e-punjab.com

ਪੰਜਾਬੀਆਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉੱਤਰੀ ਆਮ ਆਦਮੀ ਪਾਰਟੀ: ਸਿਮਰਨਜੀਤ ਬੈਂਸ

ਲੋਕ ਇਨਸਾਫ਼ ਪਾਰਟੀ ਦਾ ਮੁਹਾਲੀ ਵਿੱਚ ਦਫ਼ਤਰ ਖੋਲ੍ਹਿਆ, ਜ਼ਿਲ੍ਹਾ ਇਕਾਈ ਦਾ ਗਠਨ, ਸੰਨੀ ਬਰਾੜ ਨੂੰ ਪ੍ਰਧਾਨ ਥਾਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਪਾਈ ਅਤੇ ਇਸ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਇਹ ਗੱਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਉਹ ਲੋਕ ਇਨਸਾਫ ਪਾਰਟੀ ਦੇ ਮੁਹਾਲੀ ਵਿੱਚ ਖੋਲ੍ਹੇ ਗਏ ਦਫ਼ਤਰ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਚਾਰ ਐਮ ਪੀ ਦਿੱਤੇ ਸਨ ਅਤੇ ਪੂਰੇ ਦੇਸ਼ ’ਚੋਂ ਪੰਜਾਬ ਦੀ ਜਨਤਾ ਨੇ ਇਸ ਪਾਰਟੀ ਤੇ ਭਰੋਸਾ ਕੀਤਾ ਸੀ ਪ੍ਰੰਤੂ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੰਮ ਕੀਤੇ ਹੁੰਦੇ ਤਾਂ ਜੋ ਲੋਕ ਅੱਜ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ, ਇਨ੍ਹਾਂ ਨੂੰ ਪਾਰਟੀ ਬਦਲਣ ਦੀ ਲੋੜ ਨਾ ਪੈਂਦੀ।
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਨੂੰ 42 ਹਜਾਰ ਤੋਂ ਘਟਾ ਕੇ 15 ਹਜ਼ਾਰ ਕਰਨ ਬਾਰੇ ਕੀਤੇ ਫੈਸਲੇ ਤੇ ਕਿੰਤੂ ਕਰਦਿਆਂ ਉਹਨਾਂ ਕਿਹਾ ਕਿ ਇਹ ਅਧਿਆਪਕਾਂ ਨਾਲ ਧੱਕਾ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਦਾ ਘਰ ਦਾ ਬਜਟ ਉਸਦੀ ਤਨਖ਼ਾਹ ਅਨੁਸਾਰ ਹੁੰਦਾ ਹੈ ਅਤੇ ਇਸਨੂੰ ਇੰਨਾ ਜਿਆਦਾ ਨਹੀਂ ਘਟਾਇਆ ਜਾ ਸਕਦਾ, ਇਸ ਲਈ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ।
ਅੰਮ੍ਰਿਤਸਰ ਬੰਬ ਧਮਾਕੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਕਈ ਕੇਸ ਅਜਿਹੇ ਹਨ, ਜਿਹਨਾਂ ਵਿੱਚ ਅਜੇ ਤਕ ਕੋਈ ਮੁਜਰਿਮ ਫੜਿਆ ਨਹੀਂ ਗਿਆ ਜਿਵੇੱ ਬਰਗਾੜੀ ਕੇਸ ਵਿੱਚ ਕੋਈ ਵੀ ਮੁਜ਼ਰਮ ਅਜੇ ਤਕ ਫੜਿਆ ਨਹੀਂ ਗਿਆ ਪਰ ਅੰਮ੍ਰਿਤਸਰ ਬੰਬ ਧਮਾਕੇ ਦੇ ਮੁਲਜ਼ਮ ਨੂੰ ਮੁੱਖ ਮੰਤਰੀ ਨੇ ਚਾਰ ਘੰਟੇ ਵਿੱਚ ਫੜਨ ਦਾ ਦਾਅਵਾ ਕੀਤਾ ਜਦੋਂਕਿ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਹਮਲਾ ਕਰਨ ਵਾਲੇ ਦੋਵੇੱ ਮੋਨੇ ਵਿਅਕਤੀ ਸਨ ਪਰ ਸਰਕਾਰ ਅਤੇ ਪੁਲੀਸ ਨੇ ਇਕ ਸਰਦਾਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ ਇਹਨਾਂ ਦੀ ਨਾਕਾਮੀ ਨੂੰ ਦਸਦਾ ਹੈ। ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਦਾ ਸਾਰਾ ਸਿਹਰਾ ਕੈਬਿਨਟ ਮੰਤਰੀ ਨਵਜੋਤ ਸਿਘ ਸਿੱਧੂ ਨੂੰ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਵੇਲੇ ਵਿਰੋਧੀਆਂ ਦੇ ਨਾਲ ਨਾਲ ਕਾਂਗਰਸ ਦੇ ਸਥਾਨਕ ਮੰਤਰੀ ਅਤੇ ਖੁਦ ਮੁੱਖ ਮੰਤਰੀ ਤੱਕ ਨਵਜੋਤ ਸਿੱਧੂ ਨੂੰ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਜੱਫੀ ਪਾਉਣ ਤੇ ਉਹਨਾਂ ਦੀ ਨਿਖੇਧੀ ਕਰ ਰਹੇ ਸਨ ਪਰ ਹੁਣ ਸ੍ਰੀ ਸਿੱਧੂ ਦੇ ਯਤਨਾਂ ਦੇ ਸਫਲ ਹੋਣ ਦੀ ਆਸ ਬਣ ਗਈ ਹੈ।
ਇਸ ਮੌਕੇ ਸ੍ਰੀ ਬੈਂਸ ਨੇ ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਪਿੰਦਰ ਸਿੰਘ ਸੰਨ੍ਹੀ ਬਰਾੜ, ਮੀਡੀਆ ਇੰਚਾਰਜ ਜਰਨੈਲ ਸਿੰਘ ਬੈਂਸ, ਖਜਾਨਚੀ ਹਰਸ਼ਰਨਜੀਤ ਸਿੰਘ ਚਾਹਲ, ਜੁਆਇੰਟ ਸਕੱਤਰ ਮਲਵਿੰਦਰ ਸਿੰਘ ਲਾਡੀ ਪੰਨੂ, ਸਲਾਹਕਾਰ ਕਮੇਟੀ ਮੈਂਬਰ ਐਡਵੋਕੇਟ ਤੇਜਿੰਦਰ ਸਿੰਘ ਸਿੱਧੂ, ਐਡਵੋਕੇਟ ਗਮਦੁਰ ਸਿੰਘ, ਅਜੈ ਰਾਣਾ, ਸੰਜੀਵ ਕੁਮਾਰ, ਪਰਮਜੀਤ ਸਿੰਘ, ਸੁਰਿੰਦਰ ਪਾਲ ਸਿੰਘ ਬੇਦੀ, ਹਰਿੰਦਰ ਸਿੰਘ ਨੀਟੂ, ਦਲਜਿੰਦਰ ਸਿੰਘ, ਸਤਪਾਲ ਸਿੰਘ ਗਰੇਵਾਲ, ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਐਡਵੋਕੇਟ ਬਲਦੇਵ ਸਿੰਘ ਸਿੱਧੂ, ਭਿੰਦਰ ਸਿੰਘ ਨੂੰ ਨਿਯੁਕਤੀ ਪੱਤਰ ਵੰਡੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…