
ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਪੰਜਾਬ ਦੇ 28ਵੇਂ ਮੁੱਖ ਮੰਤਰੀ ਬਣੇ
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਰਾਜਪਾਲ ਨੇ ਚੁਕਾਈ ਦੀ ਅਹੁਦੇ ਦੀ ਸਹੁੰ
ਨਬਜ਼-ਏ-ਪੰਜਾਬ ਬਿਊਰੋ, ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 16 ਮਾਰਚ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਬੁੱਧਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਇੱਕ ਭਰਵੇਂ ਇਕੱਠ ਵਿੱਚ ਪੰਜਾਬ ਦੇ 28ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਸਬੰਧੀ ਦੇਸ਼ ਅਤੇ ਕੌਮ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਿਸ਼ਾਲ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ। ਜਿੱਥੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੱਖਾਂ ਲੋਕਾਂ ਦਰਮਿਆਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਭੇਦ ਗੁਪਤ ਰੱਖਣ ਅਤੇ ਵਫ਼ਾਦਾਰੀ ਨਾਲ ਆਪਣਾ ਕਾਰਜ ਕਰਨ ਦੀ ਸਹੁੰ ਚੁਕਾਈ।

ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦਾ ਮੰਚ ਸੰਚਾਲਨ ਕੀਤਾ। ਜਿਸ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਆਪ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਸਮੇਤ ਨਵੇਂ ਚੁਣੇ ਗਏ ਆਪ ਵਿਧਾਇਕ ਅਤੇ ਭਗਵੰਤ ਮਾਨ ਦੀ ਮਾਂ, ਭੈਣ, ਬੇਟਾ ਅਤੇ ਦਿੱਲੀ ਸਰਕਾਰ ਦੀ ਪੂਰੀ ਕੈਬਨਿਟ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।