
ਆਮ ਆਦਮੀ ਪਾਰਟੀ ਨੂੰ ਜਗਤਪੁਰਾ ਵਿੱਚ ਲੱਗਿਆ ਜ਼ੋਰ ਦਾ ਝਟਕਾ, ਕਈ ਪਰਿਵਾਰ ਕਾਂਗਰਸ ’ਚ ਸ਼ਾਮਲ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੂਰੇ ਮਾਣ ਸਨਮਾਨ ਨਾਲ ਕੀਤਾ ਕਾਂਗਰਸ ਵਿੱਚ ਸ਼ਾਮਲ
ਕਿਹਾ ਆਮ ਆਦਮੀ ਪਾਰਟੀ ਤੋਂ ਮੁਹਾਲੀ ਵਾਸੀਆਂ ਦਾ ਮੋਹ ਹੋਇਆ ਭੰਗ, ਕਾਂਗਰਸ ਤੋਂ ਨੇ ਬਹੁਤ ਉਮੀਦਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਜਗਤਪੁਰਾ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੂਰੇ ਮਾਣ ਸਨਮਾਨ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਨਾਲ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਜ਼ੋਰ ਦਾ ਝਟਕਾ ਲੱਗਿਆ ਹੈ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਵੱਲੋਂ ਲਿਆਂਦੇ ਗਏ ਪ੍ਰੋਜੈਕਟ ਅਤੇ ਕੀਤੇ ਗਏ ਵਿਕਾਸ ਕਾਰਜ ਆਪਣੇ ਮੂੰਹੋਂ ਆਪ ਬੋਲਦੇ ਹਨ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੂਰੇ ਮੁਹਾਲੀ ਦੇ ਕੋਨੇ ਕੋਨੇ ਵਿੱਚ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਬਦੌਲਤ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਅੱਜ ਵੀ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਆਪ ਉਮੀਦਵਾਰ ਕੁਲਵੰਤ ਸਿੰਘ ਜਾਤ ਆਧਾਰਿਤ ਰਾਜਨੀਤੀ ਕਰਨ ’ਤੇ ਉਤਾਰੂ ਹਨ ਕਿਉਂਕਿ ਉਸ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਕੋਈ ਆਮ ਵਿਅਕਤੀ ਨਹੀਂ ਬਲਕਿ ਇਕ ਧਨਾਢ ਆਦਮੀ ਹੈ, ਜਿਸ ਕੋਲ ਆਪਣੇ ਕਾਰੋਬਾਰ ਤੋਂ ਸਮਾਂ ਕੱਢ ਕੇ ਆਮ ਲੋਕਾਂ ਨੂੰ ਮਿਲਣ ਦੀ ਵਿਹਲ ਹੀ ਨਹੀਂ। ਹੁਣ ਜਦੋਂ ਉਸ ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਹੈ ਤਾਂ ਉਹ ਜਾਤ ਆਧਾਰਿਤ ਸੌੜੀ ਸਿਆਸਤ ਉੱਤੇ ਉਤਾਰੂ ਹੋ ਗਏ ਹਨ ਅਤੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਿਹਾ ਹੈ ਪਰ ਮੁਹਾਲੀ ਦੇ ਲੋਕ ਕੁਲਵੰਤ ਸਿੰਘ ਨੂੰ ਮੂੰਹ ਨਹੀਂ ਲਗਾ ਰਹੇ। ਕਿਉਂਕਿ ਪਿਛਲੇ ਸਾਲ ਉਹ ਐਮਸੀ ਦੀ ਚੋਣ ਵੀ ਹਾਰ ਗਏ ਸੀ।
ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦਾ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਖ਼ੁਦ ਤਾਂ ਜ਼ਾਤ ਪਾਤ ਦੀ ਰਾਜਨੀਤੀ ਕਰ ਹੀ ਰਿਹਾ ਹੈ, ਅਸਲ ਵਿੱਚ ਇਹ ਪਾਰਟੀ ਧਰਮ ਆਧਾਰਤ ਰਾਜਨੀਤੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੋਹਾਲੀ ਵਿਚ ਚੋਣ ਮੁਹਿੰਮ ਸਿਰਫ਼ ਜਾਤ ਅਤੇ ਧਰਮ ਆਧਾਰ ’ਤੇ ਹੀ ਰਹਿ ਗਈ ਹੈ ਕਿਉਂਕਿ ਵਿਕਾਸ ਦੇ ਨਾਂ ਤੇ ਤਾਂ ਕੁਲਵੰਤ ਸਿੰਘ ਦਾ ਮੋਹਾਲੀ ਵਿਚ ਯੋਗਦਾਨ ਸਿਫਰ ਹੈ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਬਲਬੀਰ ਸਿੱਧੂ ਨੇ ਨਾ ਸਿਰਫ਼ ਮੁਹਾਲੀ ਵਿੱਚ ਕਈ ਲੋਕ ਹਿੱਤ ਦੇ ਵੱਡੇ ਪ੍ਰਾਜੈਕਟ ਲਿਆਂਦੇ ਹਨ ਸਗੋਂ ਵੱਡੇ ਪੱਧਰ ਤੇ ਵਿਕਾਸ ਕਾਰਜ ਵੀ ਚੱਲ ਰਹੇ ਹਨ ਅਤੇ ਬਲਬੀਰ ਸਿੱਧੂ ਹਰ ਦੁੱਖ ਸੁੱਖ ਵਿੱਚ ਲੋਕਾਂ ਦੇ ਨਾਲ ਖੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਤਿਲਾਂਜਲੀ ਦੇ ਕੇ ਕਾਂਗਰਸ ਦਾ ਪੱਲਾ ਫੜਿਆ ਹੈ ਤੇ ਉਹ ਬਲਬੀਰ ਸਿੰਘ ਸਿੱਧੂ ਦੀ ਚੋਣ ਨੂੰ ਆਪਣੀ ਚੋਣ ਬਣਾ ਕੇ ਲੜਾਈ ਲੜਨਗੇ ਅਤੇ ਬਲਬੀਰ ਸਿੰਘ ਸਿੱਧੂ ਨੂੰ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਸਤੀਸ਼, ਬਿੱਲੂ ਬਾਲਮੀਕੀ, ਪਪਲਾ, ਰਵਿੰਦਰ, ਪ੍ਰਦੀਪ ਸਮੇਤ ਵੱਡੀ ਗਿਣਤੀ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।