nabaz-e-punjab.com

ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੈਪਟਨ ਸਰਕਾਰ ’ਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦਾ ਦੋਸ਼

ਕੈਪਟਨ ਸਰਕਾਰ ਦਾ ਘਰ-ਘਰ ਸਰਕਾਰੀ ਨੌਕਰੀ ਦੀ ਥਾਂ ਬੇਅੰਤ ਸਿੰਘ ਦੇ ਪੋਤੇ ਨੂੰ ਹੀ ਮਿਲਿਆ ਲਾਭ: ਭਗਵੰਤ ਮਾਨ

ਕੈਪਟਨ ਪੰਜਾਬ ’ਚੋਂ ਗਾਇਬ, ਚਹੇਤੇ ਬਾਬੂ ਚਲਾ ਰਹੇ ਹਨ ਕਾਂਗਰਸ ਦੀ ਸਰਕਾਰ: ਸੁਖਪਾਲ ਖਹਿਰਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਜੁਲਾਈ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਨਵ-ਨਿਯੁਕਤ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਸਾਰੇ ਵਿਧਾਇਕਾਂ ਦੀ ਮੀਟਿੰਗ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਵਾਅਦਿਆਂ ਤੋਂ ਭੱਜਣ ਅਤੇ ਲੋਕ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਗਾਇਆ। ਇਸ ਮੀਟਿੰਗ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੀ ਉਚੇਚ ਤੌਰ ਤੇ ਹਾਜਰ ਸਨ। ਇਸਦੇ ਨਾਲ ਹੀ ਕਈ ਰਾਜ ਪੱਧਰੀ ਗਤੀਵਿਧੀਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪਾਰਟੀ 27 ਜੁਲਾਈ ਨੂੰ ਸੁਨਾਮ ਵਿਖੇ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਪਾਰਟੀ ਦੀ ਸਮੁਚੀ ਲੀਡਰਸ਼ਿਪ ਸ਼ਿਰਕਤ ਕਰੇਗੀ।
ਇੱਥੋਂ ਹੀ ਮਾਨ ਅਤੇ ਖਹਿਰਾ ਦੀ ਅਗਵਾਈ ਵਿਚ ਸਮੂਹ ਲੀਡਰਸ਼ਿਪ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਬਠਿੰਡਾ ਜਿਲੇ ਦੇ ਇਤਿਹਾਸਿਕ ਮੰਦਿਰ ਮਾਈਸਰ ਖਾਨਾ ਵਿਖੇ ਨਤਮਸਤਕ ਹੋਵੇਗੀ। ਬੈਠਕ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਾਨ, ਖਹਿਰਾ ਅਤੇ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਬਾਦਲਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦਿਆ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਜਿੰਮੇਦਾਰੀ ਨਿਭਾਉਂਦੇ ਹੋਏ ਪੰਜਾਬ ਨੂੰ ਮਿਲਕੇ ਲੁਟ ਰਹੇ ਇਨ੍ਹਾਂ ਦੇ ਸਿਆਸੀ ਗਠਬੰਧਨ ਨੂੰ ਜਨਤਾ ‘ਚ ਜਾ ਕੇ ਬੇਪਰਦ ਕਰੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਦੀ ਜਨਤਾ ਉਪਰ ਨਵੇਂ ਟੈਕਸਾਂ ਰਾਹੀਂ ਹੋਰ ਵਿੱਤੀ ਬੋਝ ਪਾਉਣ ਲਈ ਘੜੇ ਜਾ ਰਹੇ ਮਨਸੂਬਿਆਂ ਨੂੰ ਲਾਗੂ ਨਹੀਂ ਹੋਣ ਦੇਵੇਗੀ। ਬੇਸ਼ਕ ਇਸ ਲਈ ਪਾਰਟੀ ਸੜਕ ਤੋਂ ਲੈ ਕੇ ਵਿਧਾਨ ਸਭਾ ਅਤੇ ਪਾਰਲੀਮੈਂਟ ਸਦਨ ਤੱਕ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ।
ਆਪ ਆਗੂਆਂ ਨੇ ਦੱਸਿਆ ਕਿ ਪਾਰਟੀ 7 ਅਗਸਤ ਨੂੰ ਇਤਿਹਾਸਿਕ ਨਗਰੀ ਬਾਬਾ ਬਕਾਲਾ ਵਿਖੇ ‘ਰੱਖੜ ਪੂਨਿਆਂ’ ਮੌਕੇ ਵਿਸ਼ਾਲ ਸਿਆਸੀ ਕਾਨਫਰੰਸ ਕਰੇਗੀ। ਇਸ ਉਪਰੰਤ 15 ਅਗਸਤ ਨੂੰ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਕਾਨਫਰੰਸ ਆਯੋਜਨ ਕੀਤੀ ਜਾਵੇਗੀ। ਇਸ ਦੌਰਾਨ ਮਾਨ ਅਤੇ ਖਹਿਰਾ ਦੀ ਸੰਯੁਕਤ ਅਗਵਾਈ ਵਿਚ ਹਰ ਜਿਲੇ ਦੇ ਵਲੰਟੀਅਰਾਂ ਨਾਲ ਬੈਠਕਾਂ ਕੀਤੀਆਂ ਜਾਣਗੀਆਂ, ਜਿੰਨਾਂ ਵਿਚ ਪਾਰਟੀ ਦੇ ਭੱਵਿਖ ਦੇ ਪ੍ਰੋਗਰਾਮਾਂ ਅਤੇ ਸੰਬੰਧਤ ਇਲਾਕਿਆਂ ਦੇ ਭਖਵੇਂ ਮੁੱਦਿਆਂ ਉਤੇ ਚਰਚਾ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦਿਆਂ ਤੋਂ ਭੱਜ ਰਹੇ ਹਨ। ਕੈਪਟਨ ਸਰਕਾਰ ਦੀ ਇਸ ਵਾਅਦਾ ਖਿਲਾਫੀ ਕਰਕੇ ਕਾਂਗਰਸ ਸਰਕਾਰ ਦੌਰਾਨ 150 ਕਿਸਾਨ ਅਤੇ ਖੇਤ ਮਜਦੂਰ ਆਤਮ ਹੱਤਿਆ ਕਰ ਚੁੱਕੇ ਹਨ। ਨੌਕਰੀਆਂ ਦੀ ਮੰਗ ਨੂੰ ਲੈ ਕੇ ਹਜਾਰਾਂ ਬੇਰੋਜਗਾਰ ਸੜਕਾਂ ਅਤੇ ਪਾਣੀ ਦੀਆਂ ਟੈਂਕੀਆਂ ਉਪਰ ਰੋਸ ਧਰਨੇ ਲਗਾਉਣ ਲਈ ਮਜਬੂਰ ਹਨ।
ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਤਰਸ ਦੇ ਅਧਾਰ ‘ਤੇ ਡੀਐਸਪੀ ਦੀ ਨੌਕਰੀ ਦੇਣ ਉਪਰ ਚੁਟਕੀ ਲੈਂਦਿਆਂ ਕਿਹਾ ਕਿ ਕੈਪਟਨ ਨੇ ਘਰ-ਘਰ ਸਰਕਾਰੀ ਨੌਕਰੀ ਦੇਣ ਦੀ ਸ਼ੁਰੂਆਤ ਬੇਅੰਤ ਸਿੰਘ ਦੇ ਪਰਿਵਾਰ ਤੋਂ ਕੀਤੀ ਅਤੇ ਉਥੇ ਹੀ ਬੰਦ ਕਰ ਦਿੱਤੀ। ਆਮ ਘਰਾਂ ਦੇ ਬੇਰੋਜਗਾਰਾਂ ਨੂੰ ਉਬਰ ਕੰਪਨੀ ਨਾਲ ਮੋਟਰਸਾਇਕਲ-ਟੈਕਸੀ ਤੱਕ ਹੀ ਸੀਮਤ ਕਰਨ ਲੱਗਿਆ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇੇ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਸਾਰੇ ਵਿਧਾਇਕਾਂ ਅਤੇ ਨੈਸ਼ਨਲ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਮੁਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਹਦ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਲੋਕਤਾਂਤਰਿਕ ਪਾਰਟੀ ਹੈ ਜਿਸਨੇ ਵਿਧਾਇਕਾਂ ਦੀ ਰਾਏ ਲੈ ਕੇ ਵਿਰੋਧੀ ਧਿਰ ਦਾ ਨੇਤਾ ਚੁਣਿਆ ਹੈ ਜਦਕਿ ਦੂਸਰੀਆਂ ਪਾਰਟੀਆਂ ਵਿਚ ਅਜਿਹੇ ਸਾਰੇ ਅਹੁਦੇ ਪ੍ਰਧਾਨ ਦੀ ਜੇਬ ‘ਚ ਨਿਕਲੀ ਪਰਚੀ ਮੁਤਾਬਿਕ ਦਿੱਤੇ ਜਾਂਦੇ ਹਨ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉਪਰ ਪੰਜਾਬ ‘ਚ ਗਾਇਬ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ ਸਿਰਫ ਅਤੇ ਸਿਰਫ ਅਫਸਰ ਬਾਬੁੂ ਚਲਾ ਰਹੇ ਹਨ। ਖਹਿਰਾ ਨੇ ਸ੍ਰੀ ਹਰਮਿੰਦਰ ਸਾਹਿਬ ਦੇ ਨਾਲ-ਨਾਲ ਪਿੰਗਲਵਾੜਾ ਸਮੇਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਦੀ ਵਕਾਲਤ ਕਰਦੇ ਹੋਏ ਇਸ ਲਈ ਵਿਧਾਨ ਸਭਾ ਦੀ ਵਿਸ਼ੇਸ ਕਮੇਟੀ ਗਠਨ ਕਰਨ ਦੀ ਮੰਗ ਕੀਤੀ ਜੋ ਅਜਿਹੀਆਂ ਸਾਰੀਆਂ ਸੰਸਥਾਵਾਂ ਦੀ ਪਹਿਚਾਨ ਕਰੇ।
ਇਸ ਮੌਕੇ ਅਮਨ ਅਰੋੜਾ ਨੇ ਕੈਪਟਨ ਸਰਕਾਰ ਵਲੋਂ ਅਪਣੇ ਸਲਾਹਕਾਰਾਂ ਦੀਆਂ ਤਨਖਾਹਾਂ ਵਿਧਾਇਕਾਂ ਨਾਲੋਂ ਵੀ ਵੱਧ ਕਰਨ ਦੀ ਆਲੋਚਨਾ ਕੀਤੀ। ਉਨਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ 1 ਹਜਾਰ ਕਰੋੜ ਦੇ ਨਵੇਂ ਟੈਕਸ ਲਗਾਉਣ ਦੀ ਯੋਜਨਾ ਨੂੰ ਜਨ ਵਿਰੋਧੀ ਦੱਸਦਿਆਂ ਕੈਪਟਨ ਸਰਕਾਰ ਨੂੰ ਅਜਿਹਾ ਕਦਮ ਚੁੱਕਣ ਤੋਂ ਵਰਜਿਆ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਵਿਰੋਧੀ ਧਿਰ ਦੀ ਜਿੰਮੇਦਾਰੀ ਤਨਦੇਹੀ ਨਾਲ ਨਿਭਾਵੇਗੀ ਅਤੇ ਕਾਂਗਰਸ ਵਲੋਂ ਪਿਛਲੇ 10 ਸਾਲਾਂ ਦੌਰਾਨ ਚੁੱਪ ਰਹਿ ਕੇ ਵਿਰੋਧੀ ਧਿਰ ਦੇ ਕਲੰਕਤ ਕੀਤੇ ਬੈਂਚਾਂ ਤੋਂ ਕਲੰਕਤ ਹੋਵੇਗੀ। ਇਸ ਮੌਕੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ, ਸੀਨੀਅਰ ਵਿਧਾਇਕ ਕੰਵਰ ਸੰਧੂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਅਤੇ ਹੋਰ ਵਿਧਾਇਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…