ਆਂਗਨਵਾੜੀ ਵਰਕਰਾਂ ਵੱਲੋਂ ਸਿੱਖਰ ਦੁਪਹਿਰੇ ਸੜਕ ਜਾਮ ਕਰਕੇ ਕੈਪਟਨ ਸਰਕਾਰ ਵਿਰੁੱਧ ਜ਼ਬਰਦਸਤ ਮੁਜ਼ਾਹਰਾ

ਤੇਜ ਗਰਮੀ ਕਾਰਨ ਦਰਜਨ ਤੋਂ ਵੱਧ ਬੀਬੀਆਂ ਬੇਹੋਸ਼, ਕੈਬਿਨਟ ਮੰਤਰੀ ਬਲਬੀਰ ਸਿੱਧੂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੋਹਾਣਾ ਤੋੱ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਫ਼ਤਰ ਵੱਲ ਕੀਤਾ ਜਾ ਰਹੇ ਪੈਦਲ ਮਾਰਚ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਵਾਈਪੀਐਸ ਚੌਂਕ ਤੋਂ ਅੱਗੇ ਚੰਡੀਗੜ੍ਹ ਦੀ ਹੱਦ ’ਤੇ ਰੋਕ ਦਿੱਤਾ ਗਿਆ ਜਿਸ ਤੇ ਵੱਡੀ ਗਿਣਤੀ ਵਿੱਚ ਆਈਆਂ ਆਂਗਨਵਾੜੀ ਵਰਕਰਾਂ ਵੱਲੋਂ ਸੜਕ ’ਤੇ ਹੀ ਧਰਨਾ ਦੇ ਦਿੱਤਾ ਗਿਆ। ਬਾਅਦ ਵਿੱਚ ਮੌਕੇ ਤੇ ਪਹੁੰਚੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪੰਜਾਬ ਕੈਬਿਨਟ ਦੀ ਮੀਟਿੰਗ ਵਿੱਚ ਆਂਗਨਵਾੜੀ ਵਰਕਰਾਂ ਦੇ ਮਸਲਿਆਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤੇ ਜਾਣ ਤੋੱ ਬਾਅਦ ਆਂਗਨਵਾੜੀ ਵਰਕਰਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ।
ਅੱਜ ਸਵੇਰੇ ਸਵਾ 9 ਵਜੇ ਦੇ ਕਰੀਬ ਆਂਗਨਵਾੜੀ ਵਰਕਰਾਂ ਦਾ ਇਹ ਵੱਡਾ ਕਾਫਲਾ ਸੰਸਥਾ ਦੀ ਕੌਮੀ ਪ੍ਰਧਾਨ ਉਸ਼ਾ ਰਾਣੀ, ਸੂਬਾ ਪ੍ਰਧਾਨ ਹਮਰੀਤ ਕੌਰ ਪੰਜੋਲਾ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਪੰਜਾਬ ਪੁਲੀਸ ਵਲੋੱ ਵਿਸ਼ੇਸ਼ ਪ੍ਰਬੰਧ ਕਰਕੇ ਸੜਕ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਕਾਫਲੇ ਨੂੰ ਫੇਜ਼-7 ਦੇ ਅੰਬਾਂ ਵਾਲਾ ਚੌਂਕ ਤੋਂ ਵਾਈਪੀਐਸ ਚੌਂਕ ਵੱਲ ਜਾਣ ਦਿੱਤਾ ਗਿਆ। ਵਾਈਪੀਐਸ ਚੌਂਕ ਪਹੁੰਚ ਕੇ ਇਕ ਵਾਰ ਤਾਂ ਆਂਗਨਵਾੜੀ ਵਰਕਰ ਉਥੋਂ ਮਦਨਪੁਰ ਚੌਂਕ ਜਾਣ ਵਾਲੀ ਸੜਕ ਵੱਲ ਮੁੜ ਗਈਆਂ ਤਾਂ ਪੁਲੀਸ ਨੂੰ ਭਾਜੜਾ ਪੈ ਗਈਆਂ ਅਤੇ ਪੁਲੀਸ ਵੱਲੋਂ ਕਾਫ਼ਲੇ ਪਿੱਛੇ ਭੱਜ ਕੇ ਉਸਨੂੰ ਵਾਪਸ ਮੋੜਿਆ ਗਿਆ ਅਤੇ ਵਾਈਪੀਐਸ ਚੌਂਕ ਤੋੱ ਸਿੱਧਾ ਚੰਡੀਗੜ੍ਹ ਵਾਲੇ ਪਾਸੇ ਭੇਜਿਆ ਗਿਆ ਜਿੱਥੇ ਨਦੀ ਦੇ ਪੁਲ ਤੇ ਚੰਡੀਗੜ੍ਹ ਪੁਲੀਸ ਵੱਲੋਂ ਬੈਰੀਕੇਡ ਲਗਾ ਕੇ ਕਾਫਲੇ ਨੂੰ ਰੋਕ ਦਿੱਤਾ ਗਿਆ ਜਿਸ ਤੇ ਆਂਗਨਵਾੜੀ ਵਰਕਰ ਸੜਕ ਦੇ (ਦੋਵੇ ਪਾਸੇ) ਕਿਨਾਰਿਆਂ ਤੇ ਹੀ ਬੈਠ ਗਈਆਂ।
ਇਸ ਮੌਕੇ ਆਂਗਨਵਾੜੀ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਘੰਟੇ ਦਾ ਸਮਾਂ ਦਿੰਦੀਆਂ ਹਨ ਕਿ ਘੱਟੋ ਘੱਟ ਕੈਬਿਨਟ ਮੰਤਰੀ ਰੈਂਕ ਦਾ ਕੋਈ ਆਗੂ ਉਹਨਾਂ ਦੀ ਗੱਲ ਸੁਣੇ ਵਰਨਾ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰ ਦੇਣਗੀਆਂ। ਇਸ ਮੌਕੇ ਜਿੱਥੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਪੰਜਾਬ ਦੇ ਕਈ ਜ਼ਿਲ੍ਹਿਆ ਤੋਂ ਮਹਿਲਾ ਪੁਲੀਸ ਦੇ ਕਰਮਚਾਰੀ ਇੱਥੇ ਲਿਆਂਦੇ ਗਏ ਸਨ। ਪੁਲੀਸ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਲਿਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਡੀਜੀਪੀ ਕਾਨੂੰਨ ਅਤੇ ਵਿਵਸਥਾ ਐਚਐਸ ਢਿੱਲੋਂ, ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਸ਼ਹਿਰ ਦੇ ਐਸਪੀ, ਡੀਐਸਪੀ ਅਤੇ ਸਾਰੇ ਥਾਣਿਆਂ ਦੇ ਐਸਐਸਓ ਮੌਕੇ ’ਤੇ ਹਾਜ਼ਰ ਸਨ।
ਚੰਡੀਗੜ੍ਹ ਪੁਲੀਸ ਦੀ ਐਸਐਸਪੀ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਹੋਏ ਸੀ। ਜਦੋਂ ਦੁਪਹਿਰ 12 ਵਜੇ ਤੱਕ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਮੌਕੇ ਤੇ ਨਹੀਂ ਪਹੁੰਚਿਆ ਤਾਂ ਆਂਗਨਵਾੜੀ ਵਰਕਰਾਂ ਨੇ ਤਪਦੀ ਦੁਪਹਿਰ ਵਿੱਚ ਸੜਕ ’ਤੇ ਲੇਟ ਕੇ ਧਰਨਾ ਦੇ ਦਿੱਤਾ। ਇਸ ਦੌਰਾਨ ਜਿੱਥੇ ਪੁਲੀਸ ਅਤੇ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ। ਉੱਥੇ ਭਾਰੀ ਗਰਮੀ ਕਾਰਣ ਤਿੰਨ ਦਰਜਨ ਤੋਂ ਵੀ ਵੱਧ ਆਂਗਨਵਾੜੀ ਵਰਕਰ ਬੇਹੋਸ਼ ਹੋ ਗਈਆਂ। ਜਿਹਨਾਂ ਨੂੰ ਵੱਖ ਵੱਖ ਐਬੂਲੈਂਸਾਂ ਅਤੇ ਪੀਸੀਆਰ ਦੀਆਂ ਗੱਡੀਆਂ ਰਾਹੀਂ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਰਿਹਾ। ਇਹਨਾਂ ਵਿੱਚ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਆਂਗਨਵਾੜੀ ਵਰਕਰਾਂ ਵਲੋੱ ਪੰਜਾਬ ਸਰਕਾਰ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਹ ਵਿੱਚ ਆਈਆਂ ਆਂਗਨਵਾੜੀ ਵਰਕਰਾਂ ਨੇ ਮੁਹਾਲੀ ਪ੍ਰਸ਼ਾਸ਼ਨ ਵਲੋੱ ਮੁਹੱਈਆ ਕਰਵਾਈਆਂ ਗਈਆਂ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵੀ ਸੁੱਟ ਦਿੱਤੀਆਂ ਗਈਆਂ।
ਇਸ ਮੌਕੇ ਪਹੁੰਚੇ ਏਡੀਸੀ ਮੁਹਾਲੀ ਐਸਡੀਐਮ ਮੁਹਾਲੀ ਆਰਪੀ ਸਿੰਘ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਆਂਗਨਵਾੜੀ ਵਰਕਰਾਂ ਦੇ ਆਗੂਆਂ ਨੂੰ ਵਾਰ ਵਾਰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ। ਬਾਅਦ ਦੁਪਹਿਰ ਪੌਣੇ 2 ਵਜੇ ਦੇ ਕਰੀਬ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਉਹਨਾਂ ਨੇ ਆਂਗਨਵਾੜੀ ਵਰਕਰਾਂ ਨੂੰ ਆਪਣਾ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਅੱਜ ਸ਼ਾਮ ਹੋਣ ਵਾਲੀ ਕੈਬਿਨਟ ਦੀ ਮੀਟਿੰਗ ਵਿੱਚ ਆਂਗਨਵਾੜੀ ਵਰਕਰਾਂ ਦੇ ਮਸਲਿਆਂ ਬਾਰੇ ਵਿਚਾਰ ਕੀਤਾ ਜਾਵੇਗਾ। ਜਿਸ ਤੋਂ ਬਾਅਦ ਆਂਗਨਵਾੜੀ ਵਰਕਰਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਆਂਗਨਵਾੜੀ ਵਰਕਰਾਂ ਵੱਲੋਂ ਬੀਤੀ 28 ਮਈ ਨੂੰ ਫਤਹਿਗੜ੍ਹ ਸਾਹਿਬ ਤੋਂ ਆਪਣੀ ਯਾਤਰਾ ਆਰੰਭ ਕੀਤੀ ਸੀ ਅਤੇ ਇਹ ਵਰਕਰ ਫਤਹਿਗੜ੍ਹ ਸਾਹਿਬ ਤੋਂ ਪੈਦਲ ਚਲ ਕੇ ਬੀਤੀ ਰਾਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪਹੁੰਚੀਆਂ ਸਨ ਜਿੱਥੇ ਰਾਤ ਵਿਸ਼ਰਾਮ ਕਰਨ ਉਪਰੰਤ ਉਹਨਾਂ ਨੇ ਮੁੱਖ ਮੰਤਰੀ ਨਿਵਾਸ ਲਈ ਆਪਣੀ ਯਾਤਰਾ ਮੁੜ ਆਰੰਭ ਕਰ ਦਿੱਤੀ ਸੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…