
ਆਪ ਦੇ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਮੁਹਾਲੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ
ਦਿੱਲੀ ਵਿਕਾਸ ਮਾਡਲ ਕਰਕੇ ਹੀ ਪੰਜਾਬ ਚੋਣਾਂ ਵਿੱਚ ਬਣ ਰਿਹੈ ‘ਆਪ’ ਪ੍ਰਤੀ ਮਾਹੌਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਸਿਲਵੀ ਪਾਰਕ ਫੇਜ਼-10, ਪਿੰਡ ਜਗਤਪੁਰਾ, ਟੀਡੀਆਈ ਅਤੇ ਫੇਜ਼-11 ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਉਹ ਪੁਰਾਣੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ। ਪਿਛਲੀਆਂ ਸਰਕਾਰਾਂ ਨੇ ਸਿਰਫ਼ ਤੇ ਸਿਰਫ਼ ਝੂਠੇ ਵਾਅਦੇ ਕੀਤੇ ਹਨ। ਇਸ ਲਈ ਉਹ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਨ, ਹੁਣ ਉਨ੍ਹਾਂ ਨੂੰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ’ਤੇ ਹੀ ਭਰੋਸਾ ਹੈ ਜੋ ਕਿ ਮੁਹਾਲੀ ਦਾ ਵਿਕਾਸ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੀ ਹੈ।
ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ। ਭਾਵੇਂ ਦਿਨ ਹੋਵੇ ਜਾਂ ਰਾਤ ਜਦੋਂ ਵੀ ਹਲਕੇ ਦੇ ਲੋਕਾਂ ਨੂੰ ਸਾਡੀ ਲੋੜ ਪਵੇਗੀ ਅਸੀਂ ਆਪ ਮੁਹਾਰੇ ਅੱਗੇ ਆਵਾਂਗੇ, ਅਸੀਂ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਰਹਾਂਗੇ। ਆਮ ਆਦਮੀ ਪਾਰਟੀ ਮੋਹਾਲੀ ਦੇ ਹਰ ਵਰਗ ਦੇ ਲੋਕਾਂ ਨਾਲ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ, ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਮੁਹਾਲੀ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਪਿੰਡ ਜਗਤਪੁਰਾ ਵਿਖੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਲਕਾ ਮੁਹਾਲੀ ਦੇ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਦੇ ਲਈ ਹਰ ਵਕਤ ਹਾਜ਼ਿਰ ਰਹਿਣਗੇ।

ਕੁਲਵੰਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਿਕਾਸ ਦੇ ਨਾਮ ਉੱਤੇ ਪੂਣੀ ਵੀ ਨਹੀਂ ਕੱਤੀ, ਲੋਕ ਕਾਂਗਰਸ ਸਰਕਾਰ ਤੋਂ ਅੱਕ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ ਕਿਉਂਕਿ ਲੋਕਾਂ ਨੂੰ ਉਮੀਦ ਹੈ ਕਿ ਇਹੋ ਪਾਰਟੀ ਹੀ ਪੰਜਾਬ ਦਾ ਵਿਕਾਸ ਕਰਵਾ ਸਕਦੀ ਹੈ, ਫਿਰ ਭਾਵੇਂ ਉਹ ਸਿਹਤ ਪੱਖੀ ਵਿਕਾਸ ਜਾਂ ਸਿੱਖਿਆ ਪੱਖੀ ਵਿਕਾਸ ਦੀ ਗੱਲ ਹੋਵੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦਾ ਕੀਤਾ ਗਿਆ ਵਿਕਾਸ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਸਿੱਖਿਆ ਖੇਤਰ ਵਿੱਚ ਕੀਤੇ ਗਏ ਸੁਧਾਰ ਰੋਲ ਮਾਡਲ ਪੇਸ਼ ਕਰਦੇ ਹਨ। ਦਿੱਲੀ ਮਾਡਲ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਨੂੰ ਵੀ ਉਮੀਦ ਬਣੀ ਹੈ ਕਿ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਵਾਂਗ ਪੰਜਾਬ ਦਾ ਵੀ ਵਿਕਾਸ ਕੀਤਾ ਜਾਵੇਗਾ।