
‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਵਿਧਾਇਕ ਬਲਬੀਰ ਸਿੱਧੂ ’ਤੇ ਕੀਤਾ ਪਲਟਵਾਰ
ਆਪ ਦੀ ਸਰਕਾਰ ਬਣਨ ’ਤੇ ਸਿੱਧੂ ਭਰਾਵਾਂ ਕੋਲੋਂ ਸ਼ਾਮਲਾਤ ਜ਼ਮੀਨਾਂ ਛਡਾਵਾਂਗੇ: ਕੁਲਵੰਤ ਸਿੰਘ
ਮੈਂ ਕਦੇ ਕਾਂਗਰਸ ਤੋਂ ਟਿਕਟ ਨਹੀਂ ਮੰਗੀ ਸਗੋਂ ਸਿੱਧੂ ਨੇ ਕਾਂਗਰਸ ਦਾ ਮੇਅਰ ਬਣਨ ਦੀ ਪੇਸ਼ਕਸ਼ ਕੀਤੀ ਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਸ ਨੇ ਕਦੇ ਵੀ ਕਾਂਗਰਸ ਤੋਂ ਟਿਕਟ ਨਹੀਂ ਮੰਗੀ ਸਗੋਂ ਪਿਛਲੀ ਵਾਰ ਨਗਰ ਨਿਗਮ ਚੋਣਾਂ ਦੌਰਾਨ ਸਿੱਧੂ ਨੇ ਖ਼ੁਦ ਉਨ੍ਹਾਂ ਨੂੰ ਕਾਂਗਰਸ ਵੱਲੋਂ ਮੇਅਰ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਲੇਕਿਨ ਬਾਅਦ ਵਿੱਚ ਮੁਹਾਲੀ ਦੇ ਵਿਕਾਸ ਦੇ ਮੁੱਦੇ ’ਤੇ ਆਜ਼ਾਦ ਗਰੁੱਪ ਅਤੇ ਕਾਂਗਰਸ ਗੱਠਜੋੜ ਨਾਲ ਉਹ ਸ਼ਹਿਰ ਦੇ ਪਹਿਲੇ ਮੇਅਰ ਬਣੇ ਸੀ ਅਤੇ ਰਿਕਾਰਡਤੋੜ ਵਿਕਾਸ ਕੀਤਾ ਸੀ, ਪ੍ਰੰਤੂ ਹੁਣ ਵਿਕਾਸ ਦੇ ਨਾਂ ’ਤੇ ਸਿਰਫ਼ ਫੋਕੇ ਐਲਾਨ ਹੀ ਹੋ ਰਹੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦ ਗਰੁੱਪ ਨੇ ਇਸ ਵਾਰੀ ‘ਆਪ’ ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲੜੀਆਂ ਸਨ। ਉਦੋਂ ਤੋਂ ਹੀ ਉਹ ਅਰਵਿੰਦ ਕੇਜਰੀਵਲ ਤੇ ਹੋਰ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਵਿੱਚ ਸਨ ਅਤੇ ਦਿੱਲੀ ਦੇ ਵਿਕਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ ਉਹ ਆਪ ਵਿੱਚ ਸ਼ਾਮਲ ਹੋਏ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਬਲਬੀਰ ਸਿੱਧੂ ਨੇ ਕੁਲਵੰਤ ਸਿੰਘ ’ਤੇ ਉਨ੍ਹਾਂ (ਸਿੱਧੂ) ਦੀ ਛਵੀ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ ਉੱਤੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਪੋਸਟਾਂ ਅਪਲੋਡ ਕਰਵਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਕੁਲਵੰਤ ਸਿੰਘ ਮੁਹਾਲੀ ਤੋਂ ਕਾਂਗਰਸ ਦੀ ਟਿਕਟ ਮੰਗਦਾ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਕੋਰਾ ਜਵਾਬ ਦੇ ਦਿੱਤਾ। ਜਿਸ ਕਾਰਨ ਉਹ ਹੁਣ ਆਪ ਵਿੱਚ ਸ਼ਾਮਲ ਹੋ ਗਏ। ਇਹੀ ਨਹੀਂ ਸਿੱਧੂ ਨੇ ਸਾਬਕਾ ਮੇਅਰ ’ਤੇ ਸ਼ਹਿਰ ਦਾ ਵਿਨਾਸ਼ ਕਰਨ ਦੇ ਵੀ ਦੋਸ਼ ਲਗਾਏ ਸੀ।
ਸਾਬਕਾ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਭਰਾਵਾਂ ਦੀ ਬਿਲਕੁਲ ਵੀ ਛਵੀ ਖ਼ਰਾਬ ਨਹੀਂ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਕੋਈ ਛਵੀ ਹੈ ਨਹੀਂ ਹੈ। ਇਹ ਦੋਵੇਂ ਭਰਾ ਸਿਰੇ ਦੇ ਗੱਪੀ ਹਨ ਅਤੇ ਝੂਠ ਬੋਲਣ ’ਤੇ ਲੱਕ ਬੰਨ੍ਹਿਆ ਹੋਇਆ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਸਿੱਧੂ ’ਤੇ ਭਰੋਸਾ ਕਰਕੇ ਉਨ੍ਹਾਂ ਨੂੰ ਤਿੰਨ ਵਾਰ ਵਿਧਾਇਕ ਚੁਣਿਆ ਪ੍ਰੰਤੂ ਉਨ੍ਹਾਂ ਨੇ ਇਲਾਕੇ ਨੂੰ ਵਿਸਾਰ ਕੇ ਸਿਰਫ਼ ਆਪਣੇ ਪਰਿਵਾਰ ਦੀ ਤਰੱਕੀ ਨੂੰ ਤਰਜ਼ੀਹ ਦਿੱਤੀ। ਕਾਂਗਰਸ ਸਰਕਾਰ ਵਿੱਚ ਸਿੱਧੂ ਨੂੰ ਸਿਹਤ ਮੰਤਰੀ ਬਣਾਇਆ ਗਿਆ ਪਰ ਉਨ੍ਹਾਂ ਨੇ ਮੁਹਾਲੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਦੋਂਕਿ 2021 ਵਿੱਚ ਸਾਰਾ ਸਾਲ ਉਨ੍ਹਾਂ ’ਤੇ ਪੀਪੀਂਈ ਕਿੱਟਾਂ ਅਤੇ ਦਵਾਈਆਂ ਦੀ ਖ਼ਰੀਦ ਵਿੱਚ ਘੁਟਾਲਾ ਕਰਨ ਅਤੇ ਸ਼ਾਮਲਾਤ ਜ਼ਮੀਨਾਂ ਹਥਿਆਉਣ ਦੇ ਕਥਿਤ ਦੋਸ਼ ਲਗਦੇ ਰਹੇ। ਜਿਸ ਕਾਰਨ ਉਹ ਸਾਲ ਭਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹੇ। ਇਹੀ ਨਹੀਂ ਨਵੀਂ ਵਜ਼ਾਰਤ ਦਾ ਗਠਨ ਕਰਨ ਸਮੇਂ ਕਾਂਗਰਸ ਨੇ ਖ਼ੁਦ ਕਈ ਦਾਗੀ ਮੰਤਰੀਆਂ ਦੀ ਛੁੱਟੀ ਕੀਤੀ ਗਈ ਸੀ। ਜਿਨ੍ਹਾਂ ਵਿੱਚ ਸਿੱਧੂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸਿੱਧੂ ਡੇਢ ਦਹਾਕੇ ਤੋਂ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਬਟੋਰਦਾ ਆ ਰਿਹਾ ਹੈ ਲੇਕਿਨ ਇਸ ਵਾਰ ਉਸ ਨੂੰ ਲੋਕਾਂ ਅਤੇ ਮੁਲਾਜ਼ਮ ਵਰਗ ਦੇ ਤਿੱਖੇ ਵਿਰੋਧ ਕਾਰਨ ਮੂੰਹ ਦੀ ਖਾਣੀ ਪਵੇਗੀ।
ਕੁਲਵੰਤ ਸਿੰਘ ਨੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆਏ ਲੋਕ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵਜੋਂ ਦੇਖ ਰਹੇ ਹਨ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਆਪ ਦੀ ਬਣੇਗੀ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ’ਤੇ ਸਿੱਧੂ ਭਰਾਵਾਂ ਕੋਲੋਂ ਸ਼ਾਮਲਾਤ ਜ਼ਮੀਨਾਂ ਛੁਡਾਈਆਂ ਜਾਣਗੀਆਂ ਅਤੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ।
ਬਲਬੀਰ ਸਿੱਧੂ ਵੱਲੋਂ ਮੁਹਾਲੀ ਹਲਕੇ ਦਾ ਵਿਕਾਸ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਟਿੱਪਣੀ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵਿੱਚ ਸਾਢੇ ਸਾਲ ਮੰਤਰੀ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਡੱਕਾ ਨਹੀਂ ਤੋੜਿਆ। ਹੁਣ ਚੋਣਾਂ ਨੇੜੇ ਆਉਣ ਕਾਰਨ ਉਹ ਧੜਾਧੜ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਭਰਾਵਾਂ ਨੇ ਪੂਰੇ ਸ਼ਹਿਰ ਨੂੰ ਨੀਂਹ ਪੱਥਰਾਂ ਨਾਲ ਭਰ ਦਿੱਤਾ ਹੈ ਪ੍ਰੰਤੂ ਕੀ ਇਹ ਕੰਮ ਰਾਤੋ ਰਾਤ ਹੋਣ ਵਾਲੇ ਹਨ ਜਾਂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਿਟੀ ਬੱਸ ਸਰਵਿਸ ਦਾ ਮਤਾ ਉਨ੍ਹਾਂ ਨੇ ਪਾਸ ਕੀਤਾ ਸੀ ਪਰ ਸਿੱਧੂ ਨੇ ਆਪਣਾ ਰਸੂਖ਼ ਵਰਤ ਕੇ ਇਸ ਮਤੇ ਨੂੰ ਪ੍ਰਵਾਨਗੀ ਨਹੀਂ ਮਿਲਣ ਦਿੱਤੀ। ਨਵੇਂ ਬੱਸ ਅੱਡੇ ਬਾਰੇ ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਇਸ ਪ੍ਰਾਜੈਕਟ ਲਈ ਗਮਾਡਾ ਨੇ ਕੋਈ ਥਾਂ ਅਲਾਟ ਨਹੀਂ ਕੀਤੀ ਹੈ।
ਇਸ ਮੌਕੇ ਆਪ ਦੇ ਬੁਲਾਰੇ ਵਿਨੀਤ ਵਰਮਾ, ਜ਼ਿਲ੍ਹਾ ਪ੍ਰਧਾਨ ਮਾਲਵਿੰਦਰ ਸਿੰਘ ਕੰਗ, ਜਨਰਲ ਸਕੱਤਰ ਪ੍ਰਭਜੋਤ ਕੌਰ, ਆਜ਼ਾਦ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ, ਸਰਬਜੀਤ ਸਿੰਘ ਸਮਾਣਾ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਆਰਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ ਸਮੇਤ ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।