
‘ਆਪ’ ਕੌਂਸਲਰਾਂ ਨੇ ਭਾਜਪਾ ਦੇ ਮੇਅਰ ਨੂੰ ਘੇਰਿਆ, ਮਿਉਂਸਪਲ ਐਕਟ ਅਨੁਸਾਰ ਸਮੇਂ ਸਿਰ ਮੀਟਿੰਗ ਨਾ ਕਰਨ ਦਾ ਦੋਸ਼
ਹੁਕਮਰਾਨ ਪਾਰਟੀ ਦੇ ਕੌਂਸਲਰਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਦਿੱਤੀ ਸ਼ਿਕਾਇਤ, ਮੇਅਰ ਨੇ ਦੋਸ਼ ਨਕਾਰੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਆਮ ਆਦਮੀ ਪਾਰਟੀ (ਆਪ) ਦੇ ਦੋ ਕੌਂਸਲਰਾਂ ਸੁਖਦੇਵ ਸਿੰਘ ਪਟਵਾਰੀ ਅਤੇ ਸ੍ਰੀਮਤੀ ਅਰੁਣਾ ਵਸ਼ਿਸ਼ਟ ਨੇ ਮੁਹਾਲੀ ਦੇ ਮੇਅਰ ਨੂੰ ਘੇਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਦੇ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਮਿਉਂਸਪਲ ਐਕਟ ਦੀ ਵਾਰ-ਵਾਰ ਉਲੰਘਣਾ ਕਰਨ ਦੇ ਦੋਸ਼ ਤਹਿਤ ਫੌਰੀ ਕਾਰਵਾਈ ਕੀਤੀ ਜਾਵੇ।
ਸੁਖਦੇਵ ਸਿੰਘ ਪਟਵਾਰੀ ਅਤੇ ਸ੍ਰੀਮਤੀ ਅਰੁਣਾ ਵਸ਼ਿਸ਼ਟ ਨੇ ਪ੍ਰਿੰਸੀਪਲ ਸਕੱਤਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਮੇਅਰ ਜੀਤੀ ਸਿੱਧੂ ਐਕਟ ਅਨੁਸਾਰ ਸਮੇਂ ਸਿਰ ਹਾਊਸ ਦੀਆਂ ਮੀਟਿੰਗਾਂ ਨਾ ਸੱਦ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਮੇਅਰ ਨੇ 27 ਜੁਲਾਈ ਤੋਂ ਬਾਅਦ ਹਾਊਸ ਦੀ ਮੀਟਿੰਗ ਨਹੀਂ ਸੱਦੀ ਜਦੋਂਕਿ ਪੰਜਾਬ ਮਿਉਂਸਪਲ ਐਕਟ 1976 ਦੇ ਚੈਪਟਰ 5, ਧਾਰਾ 55 ਵਿੱਚ ਸਪੱਸ਼ਟ ਲਿਖਿਆ ਹੈ ਕਿ ਮਹੀਨੇ ਵਿੱਚ ਘੱਟੋ-ਘੱਟ ਇਕ ਮੀਟਿੰਗ ਜ਼ਰੂਰ ਕੀਤੀ ਜਾਵੇ ਪਰ ਮੇਅਰ ’ਤੇ ਸ਼ਾਇਦ ਇਹ ਨਿਯਮ ਲਾਗੂ ਨਹੀਂ ਹੁੰਦੇ ਹਨ? ਇਸ ਤੋਂ ਪਹਿਲਾਂ ਵੀ ਮੇਅਰ ਨੇ ਬੀਤੀ 18 ਅਪਰੈਲ ਤੋਂ ਬਾਅਦ 29 ਜੁਲਾਈ ਨੂੰ ਮੀਟਿੰਗ ਸੱਦੀ ਸੀ। ਇਸ ਤਰ੍ਹਾਂ ਉਹ ਡੇਢ ਸਾਲ ਵਿੱਚ 5 ਵਾਰ ਐਕਟ ਦੀ ਉਲੰਘਣਾ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੇਅਰ ਐਕਟ ਅਨੁਸਾਰ ਨਹੀਂ ਬਲਕਿ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ। ਜਿਸ ਦਾ ਸ਼ਹਿਰ ਦੇ ਵਿਕਾਸ ’ਤੇ ਮਾੜਾ ਅਸਰ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਭਾਜਪਾ ਦੇ ਇੱਕੋ ਇੱਕ ਮੇਅਰ ਜੀਤੀ ਸਿੱਧੂ ਨਿਯਮਾਂ ਦੇ ਉਲਟ ਆਪਣੀ ਹੀ ਸੁਸਾਇਟੀ ਨੂੰ ਲਗਪਗ 1.5 ਕਰੋੜ ਦੇ ਕੰਮ ਅਲਾਟ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੂੰ ਪ੍ਰਿੰਸੀਪਲ ਸਕੱਤਰ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਹਾਲਾਂਕਿ ਮੇਅਰ ਨੇ ਕੁੱਝ ਦਿਨ ਪਹਿਲਾਂ ਸਰਕਾਰ ਦੇ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ ਪ੍ਰੰਤੂ ਅਜੇ ਤਾਈਂ ਪੰਜਾਬ ਸਰਕਾਰ ਵੱਲੋਂ ਨਾ ਤਾਂ ਮੇਅਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਅਤੇ ਨਾ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦਾ ਗਈ ਹੈ। ਇਸ ਬਾਰੇ ਹੁਕਮਰਾਨ ਪਾਰਟੀ ਦੇ ਕੌਂਸਲਰਾਂ ਨੇ ਦੱਸਿਆ ਕਿ ਪ੍ਰਿੰਸੀਪਲ ਸਕੱਤਰ ਨੇ ਇਸ ਬਾਬਤ ਬਹੁਤ ਜਲਦੀ ਸੁਣਵਾਈ ਕਰਨ ਲਈ ਮੁੜ ਨੋਟਿਸ ਦੇਣ ਦੀ ਗੱਲ ਕਹੀ ਹੈ।
ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਉਨ੍ਹਾਂ ਵਿਰੁੱਧ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਆਪ ਵਲੰਟੀਅਰ ਆਮ ਲੋਕਾਂ, ਸਰਕਾਰ ਅਤੇ ਮੀਡੀਆ ਨੂੰ ਗੁਮਰਾਹ ਕਰ ਰਹੇ ਹਨ। ਮੇਅਰ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਨਿਯਮਾਂ ਦੇ ਉਲਟ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਹਰੇਕ ਮਹੀਨੇ ਮੀਟਿੰਗ ਕਰਨਾ ਜ਼ਰੂਰੀ ਨਹੀਂ ਹੈ, ਵੈਸੇ ਵੀ ਪਿਛਲੇ ਦਿਨਾਂ ਦੌਰਾਨ ਕੌਮੀ ਤਿਉਹਾਰ ਸਿਰ ’ਤੇ ਸਨ। ਇਸ ਕਰਕੇ ਮੀਟਿੰਗ ਨਹੀਂ ਸੱਦੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਦਫ਼ਤਰੀ ਕੰਮਾਂ ਲਈ ਜਦੋਂ ਵੀ ਲੋੜ ਪੈਂਦੀ ਹੈ ਤਾਂ ਹਾਊਸ ਦੀ ਮੀਟਿੰਗ ਸੱਦੀ ਜਾਂਦੀ ਹੈ, ਪ੍ਰੰਤੂ ਵਿਰੋਧੀਆਂ ਨੂੰ ਐਵੇਂ ਹੀ ਰੌਲਾ ਪਾਉਣ ਦੀ ਆਦਤ ਜਿਹੀ ਹੁੰਦੀ ਹੈ। ਆਪ ਕੌਂਸਲਰ ਆਪਣੀ ਆਦਤ ਤੋਂ ਮਜਬੂਰ ਹਨ। ਇਸ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਝੂਠੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਹਨ।