ਦਲਿਤ ਲੜਕੇ ਨੂੰ ਅਕਾਲੀ ਸਰਪੰਚ ਵੱਲੋਂ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਆਪ ਨੇ ਕੀਤੀ ਨਿੰਦਾ

ਗੁੰਡਿਆਂ ਵਿੱਚ ਤਬਦੀਲ ਹੋਏ ਅਕਾਲੀ ਦਲ ਦੇ ਆਗੂ, ਕਤਲ ਸਮੇਤ ਹੋਰਨਾਂ ਅਪਰਾਧਾਂ ਵਿੱਚ ਸ਼ਾਮਲ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜਨਵਰੀ:
ਆਮ ਆਦਮੀ ਪਾਰਟੀ ਨੇ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਅਕਾਲੀ ਸਰਪੰਚ ਵੱਲੋਂ ਇੱਕ ਦਲਿਤ ਲੜਕੇ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਅਕਾਲੀ ਆਗੂਆਂ ਉਤੇ ਅਪਰਾਧੀਆਂ ਨੂੰ ਬਚਾਉਣ ਅਤੇ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਆਰੋਪ ਲਗਾਏ ਹਨ। ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਕਾਲੀ ਆਗੂ ਖੁਦ ਨੂੰ ਕਾਨੂੰਨ ਸਮਝਣ ਲੱਗੇ ਹਨ ਅਤੇ ਸ਼ਰੇਆਮ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਅਹੁਦੇਦਾਰ ਛੇੜਛਾੜ ਤੋਂ ਲੈ ਕੇ ਕਤਲ ਤੱਕ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਹਨ।
ਸ੍ਰੀ ਮਾਨ ਨੇ ਕਿਹਾ ਕਿ ਅਕਾਲੀ ਸਰਪੰਚ ਚਰਨਜੀਤ ਸਿੰਘ ਨੇ 15 ਸਾਲ ਦੇ ਲੜਕੇ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਅਤੇ ਅਤੇ ਸਕੂਲ ਸਟਾਫ ਨੂੰ ਉਸਦਾ ਨਾਂਅ ਕੱਟਣ ਲਈ ਕਿਹਾ। ਮਾਨ ਨੇ ਕਿਹਾ ਕਿ ਅਪਰਾਧਾਂ ਵਿੱਚ ਸ਼ਾਮਿਲ ਅਕਾਲੀ ਆਗੂਆਂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦਾ ਪੂਰਾ ਸਮਰਥਨ ਹਾਸਿਲ ਹੈ। ਇਸ ਦੌਰਾਨ ਭਗਵੰਤ ਮਾਨ ਨੇ ਬਠਿੰਡਾ ਦੇ ਪਿੰਡ ਦੌਲਾ ਵਿਖੇ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਅਕਾਲੀ ਸਰਪੰਚ ਵੱਲੋਂ ਪ੍ਰਦਰਸ਼ਨ ਕਰ ਰਹੀ ਮਹਿਲਾ ਟੀਚਰ ਨੂੰ ਥੱਪੜ ਮਾਰੇ ਜਾਣ ਦੀ ਘਟਨਾ ਦਾ ਵੀ ਜਿਕਰ ਕੀਤਾ। ਸਰਪੰਚ ਨੂੰ ਜਨਤਾ ਅਤੇ ਮੀਡੀਆ ਦੇ ਦਬਾਅ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਬਾਅਦ ਵਿੱਚ ਸਰਪੰਚ ਜਮਾਨਤ ਉਤੇ ਰਿਹਾਅ ਹੋ ਗਿਆ ਅਤੇ ਕੇਸ ਅੱਗੇ ਨਹੀਂ ਵਧਿਆ।
ਸ੍ਰੀ ਮਾਨ ਨੇ ਕਿਹਾ ਕਿ ਯੂਥ ਅਕਾਲੀ ਅਹੁਦੇਦਾਰ ਰਣਜੀਤ ਸਿੰਘ ਰਾਣਾ ਨੇ ਅੰਮ੍ਰਿਤਸਰ ਵਿਖੇ ਲੋਕਾਂ ਦੇ ਸਾਹਮਣੇ ਇੱਕ ਏਐਸਆਈ ਰਵਿੰਦਰ ਪਾਲ ਸਿੰਘ ਦੀ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਅਕਾਲੀ ਗੁੰਡਿਆਂ ਕੋਲੋਂ ਆਪਣੀ ਧੀ ਦੀ ਇੱਜਤ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼ਿਵ ਲਾਲ ਡੋਡਾ ਇੱਕ ਹੋਰ ਅਜਿਹਾ ਅਕਾਲੀ ਆਗੂ ਹੈ ਜਿਸਨੇ ਅਬੋਹਰ ਵਿਖੇ ਦਲਿਤ ਲੜਕੇ ਭੀਮ ਟਾਂਕ ਦੀ ਹੱਤਿਆ ਕੀਤੀ ਸੀ। ਉਸ ਨੂੰ ਆਜਾਦ ਤੌਰ ਉਤੇ ਚੋਣ ਲੜਨ ਵਿੱਚ ਸੁਖਬੀਰ ਸਿੰਘ ਬਾਦਲ ਦੀ ਪੂਰੀ ਸਰਪ੍ਰਸਤੀ ਹਾਸਿਲ ਹੈ।
ਸ੍ਰੀ ਮਾਨ ਨੇ ਕਿਹਾ ਕਿ ਖੰਨਾ ਸਰਕਲ ਦੇ ਯੂਥ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ 16 ਸਾਲ ਦੇ ਲੜਕੇ ਦਾ ਕਤਲ ਕਰ ਦਿੱਤਾ ਸੀ। ਪਟਿਆਲਾ ਜਿਲੇ ਦਾ ਯੂਥ ਅਕਾਲੀ ਦਲ ਆਗੂ ਪ੍ਰੀਤਇੰਦਰ ਸਿੰਘ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਿਲ ਸੀ। ਇਹ ਯੂਥ ਆਗੂ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਅੱਖਾਂ ਦੇ ਤਾਰੇ ਹਨ। ਉਨਾਂ ਕਿਹਾ ਕਿ ਸਬੂਤ ਹੋਣ ਦੇ ਬਾਵਜੂਦ ਪੁਲਿਸ ਇਨਾਂ ਖਿਲਾਫ ਕੋਈ ਵੀ ਕਾਰਵਾਈ ਕਰਨ ਵਿੱਚ ਅਸਮਰਥ ਰਹੀ ਹੈ। ਮਾਨ ਨੇ ਕਿਹਾ ਕਿ ਯੂਥ ਅਕਾਲੀ ਦਲ ਲੁਧਿਆਣਾ (ਪੇਂਡੂ) ਦਾ ਪ੍ਰਧਾਨ ਗੁਰਦੀਪ ਸਿੰਘ ਮਿੱਠੂ ਕੱਲ ਹੀ ਪੁਲਿਸ ਵੱਲੋਂ ਨਜਾਇਜ ਸ਼ਰਾਬ ਦੀਆਂ 275 ਬੋਤਲਾਂ ਸਣੇ ਫੜਿਆ ਗਿਆ ਹੈ। ਉਨਾਂ ਕਿਹਾ ਕਿ ਇਹ ਸ਼ਰਾਬ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵੰਡੀ ਜਾਣੀ ਸੀ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਵਿੰਗ ਅਤੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸਓਆਈ ਵਿੱਚ ਸੈਂਕੜੇ ਅਪਰਾਧੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਯੂਥ ਅਕਾਲੀ ਦਲ ਅਤੇ ਐਸਓਆਈ ਕੋਲੋਂ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਖਤਰਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…