
‘ਆਪ’ ਨੇ ਮੁਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ
ਅਕਾਲੀ ਦਲ-ਬਸਪਾ ਅਤੇ ਭਾਜਪਾ, ਕੈਪਟਨ ਤੇ ਢੀਂਡਸਾ ਗੱਠਜੋੜ ਨੇ ਹਾਲੇ ਤੱਕ ਨਹੀਂ ਖੋਲ੍ਹੇ ਪੱਤੇ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸਿਆਸੀ ਸਰਗਰਮੀਆਂ ਕੀਤੀਆਂ ਤੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਆਮ ਆਦਮੀ ਪਾਰਟੀ (ਆਪ) ਨੇ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮੁਹਾਲੀ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਉਹ ਬੀਤੇ ਕੱਲ੍ਹ ਹੀ ਆਪ ਵਿੱਚ ਸ਼ਾਮਲ ਹੋਏ ਹਨ। ਉਂਜ ਇਸ ਤੋਂ ਪਹਿਲਾਂ ਹੀ ਕੁਲਵੰਤ ਸਿੰਘ ਹਲਕੇ ਵਿੱਚ ਆਪ ਦੇ ਉਮੀਦਵਾਰ ਵਜੋਂ ਵਿਚਰ ਰਹੇ ਸੀ ਅਤੇ ਨੁੱਕੜ ਮੀਟਿੰਗਾਂ ਕਰ ਰਹੇ ਹਨ ਪ੍ਰੰਤੂ ਪਾਰਟੀ ਹਾਈ ਕਮਾਂਡ ਨੇ ਅੱਜ ਉਨ੍ਹਾਂ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਆਪ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਸੈਕਟਰ-79 ਸਥਿਤ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ ਦੇ ਬਾਹਰ ਕੁਲਵੰਤ ਸਿੰਘ ਦੇ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ, ਰਾਘਵ ਚੱਢਾ ਅਤੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ। ਉਪਰੰਤ ਕੁਲਵੰਤ ਸਿੰਘ ਨੇ ਸਾਰੇ ਆਜ਼ਾਦ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਚੋਣਾਂ ਸਬੰਧੀ ਚਰਚਾ ਕੀਤੀ।
ਇਸ ਮੌਕੇ ਆਪ ਆਗੂ ਵਿਨੀਤ ਵਰਮਾ, ਪ੍ਰਭਜੋਤ ਕੌਰ, ਐਡਵੋਕੇਟ ਅਮਰਦੀਪ ਕੌਰ ਅਤੇ ਹੋਰਨਾਂ ਵਲੰਟੀਅਰਾਂ ਨੇ ਕੁਲਵੰਤ ਸਿੰਘ ਨੂੰ ਫੁੱਲਾਂ ਦਾ ਗੁੱਲਦਸਤਾ ਭੇਟ ਕਰਕੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਸਮਾਣਾ, ਰਵਿੰਦਰ ਸਿੰਘ ਬਿੰਦਰਾ, ਅਰੁਣਾ ਵਸ਼ਿਸ਼ਟ, ਰਾਜਵੀਰ ਕੌਰ ਗਿੱਲ (ਸਾਰੇ ਕੌਂਸਲਰ) ਫੂਲਰਾਜ ਸਿੰਘ, ਹਰਪਾਲ ਚੰਨਾ, ਸੁਰਿੰਦਰ ਸਿੰਘ ਰੋਡਾ, ਗੁਰਮੀਤ ਸਿੰਘ ਵਾਲੀਆ ਅਤੇ ਸੁਖਮਿੰਦਰ ਸਿੰਘ ਬਰਨਾਲਾ (ਸਾਰੇ ਸਾਬਕਾ ਕੌਂਸਲਰ), ਅਕਵਿੰਦਰ ਸਿੰਘ ਗੋਸਲ, ਡਾ. ਬੀਰ ਸਿੰਘ ਬਾਜਵਾ, ਜਸਪਾਲ ਸਿੰਘ ਮਟੌਰ, ਨੰਬਰਦਾਰ ਹਰਸੰਗਤ ਸਿੰਘ, ਤਰਨਜੀਤ ਸਿੰਘ ਪੱਪੂ ਅਤੇ ਵੱਡੀ ਗਿਣਤੀ ਵਰਕਰਤ ਮੌਜੂਦ ਸਨ।
ਕੁਲਵੰਤ ਸਿੰਘ ਨੂੰ ਮੁਹਾਲੀ ਦਾ ਪਹਿਲਾ ਮੇਅਰ ਹੋਣ ਦਾ ਮਾਣ ਹਾਸਲ ਹੈ। ਉਂਜ ਉਹ ਤਿੰਨ ਵਾਰ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਦੀ ਟਿਕਟ ’ਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ। ਇਸ ਵਾਰ ਵੀ ਉਨ੍ਹਾਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਜ਼ਾਦ ਗਰੁੱਪ ਦੇ ਬੈਨਰ ਹੇਠ ਨਗਰ ਨਿਗਮ ਚੋਣਾਂ ਲੜੀਆਂ ਸਨ ਅਤੇ ਹਾਲਾਂਕਿ ਕਾਂਗਰਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਪ੍ਰੰਤੂ ਉਨ੍ਹਾਂ ਦੇ ਪੁੱਤਰ ਸਮੇਤ ਕਈ ਉਮੀਦਵਾਰ ਚੋਣ ਜਿੱਤ ਗਏ ਸੀ ਅਤੇ ਕਈ ਉਮੀਦਵਾਰ ਬਹੁਤ ਥੋੜ੍ਹੀਆਂ ਵੋਟਾਂ ਦੇ ਫ਼ਰਕ ਨਾਲ ਹਾਰੇ ਸੀ। ਜਦੋਂਕਿ ਅਕਾਲੀ ਦਲ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਸੀ ਖੋਲ੍ਹ ਸਕੀ।
ਸਿਆਸੀ ਹਲਕਿਆਂ ਵਿੱਚ ਇਹ ਚਰਚਾਂ ਬੜੇ ਜ਼ੋਰਾਂ ’ਤੇ ਹੈ ਕਿ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਅਤੇ ਕੁਲਵੰਤ ਸਿੰਘ ਵਿਚਕਾਰ ਸਿੱਧੀ ਅਤੇ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਹੈ। ਕਿਉਂਕਿ ਇਸ ਤੋਂ ਪਹਿਲਾਂ ਮੁਹਾਲੀ ਵਿੱਚ ਪੈਰਾਸ਼ੂਟ ਉਮੀਦਵਾਰ ਆਉਣ ਕਾਰਨ ਸਿੱਧੂ ਹਮੇਸ਼ਾ ਚੋਣ ਜਿੱਤਦੇ ਆ ਰਹੇ ਹਨ ਪਰ ਐਤਕੀਂ ਮੁਕਾਬਲਾ ਬਹੁਤ ਸਖ਼ਤ ਹੋਣ ਵਾਲਾ ਹੈ। ਹਾਲਾਂਕਿ ਅਜੇ ਤਾਈਂ ਕਾਂਗਰਸ ਨੇ ਉਮੀਦਵਾਰ ਨਹੀਂ ਐਲਾਨਿਆ ਹੈ ਪ੍ਰੰਤੂ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਹਲਕੇ ਵਿੱਚ ਪਾਰਟੀ ਉਮੀਦਵਾਰ ਵਜੋਂ ਕੰਮ ਕਰ ਰਹੇ ਹਨ। ਕੁਲਵੰਤ ਸਿੰਘ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਦੋਂਕਿ ਸ਼ਹਿਰ ਵਿੱਚ ਉਨ੍ਹਾਂ ਦੇ ਛੋਟੇ ਭਰਾ ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੋਰਚਾ ਸੰਭਾਲਿਆ ਹੋਇਆ ਹੈ।
ਉਧਰ, ਅਕਾਲੀ ਦਲ-ਬਸਪਾ ਗੱਠਜੋੜ ਅਤੇ ਭਾਜਪਾ, ਕੈਪਟਨ ਤੇ ਢੀਂਡਸਾ ਗੱਠਜੋੜ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਪਹਿਲਾਂ ਮੁਹਾਲੀ ਸੀਟ ਬਸਪਾ ਦੇ ਹਿੱਸੇ ਆਈ ਸੀ ਪਰ ਬਾਅਦ ਵਿੱਚ ਅਕਾਲੀ ਦਲ ਨੇ ਇਹ ਸੀਟ ਵਾਪਸ ਤਾਂ ਲੈ ਲਈ ਹੈ ਪ੍ਰੰਤੂ ਹਾਲੇ ਤੱਕ ਅਕਾਲੀ ਦਲ ਨੇ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਹੈ। ਪਹਿਲਾਂ ਸੋਨੀਆ ਮਾਨ ਦੇ ਚਰਚੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ। ਉਸ ਤੋਂ ਬਾਅਦ ਪਰਵਿੰਦਰ ਸਿੰਘ ਸੋਹਾਣਾ, ਗੁਰਮੀਤ ਸਿੰਘ ਬਾਕਰਪੁਰ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਕੁਲਦੀਪ ਕੌਰ ਕੰਗ ਅਤੇ ਹੋਰ ਆਗੂ ਟਿਕਟ ਲਈ ਭੱਜ ਦੌੜ ਕਰ ਰਹੇ ਹਨ, ਸੂਤਰ ਦੱਸਦੇ ਹਨ ਕਿ ਇਨ੍ਹਾਂ ’ਚੋਂ ਪਰਵਿੰਦਰ ਸੋਹਾਣਾ ਦਾ ਨਾਂ ਸਭ ਤੋਂ ਉੱਤੇ ਹੈ, ਪ੍ਰੰਤੂ ਧੜੇਬੰਦੀ ਕਾਰਨ ਇਸ ਵਾਰ ਵੀ ਕਿਸੇ ਬਾਹਰਲੇ ਦੀ ਲਾਟਰੀ ਲੱਗ ਸਕਦੀ ਹੈ।
ਜੇਕਰ ਭਾਜਪਾ, ਕੈਪਟਨ ਤੇ ਢੀਂਡਸਾ ਗੱਠਜੋੜ ਦੀ ਗੱਲ ਕਰੀਏ ਤਾਂ ਢੀਂਡਸਾ ਦਲ ਦੇ ਜਨਰਲ ਸਕੱਤਰ ਬੱਬੀ ਬਾਦਲ ਮੁਹਾਲੀ ਵਿੱਚ ਉਮੀਦਵਾਰ ਵਜੋਂ ਵਿਚਰ ਰਹੇ ਹਨ। ਉਹ ਰੋਜ਼ਾਨਾ ਵੱਡੀਆਂ ਮੀਟਿੰਗਾਂ ਕਰ ਰਹੇ ਹਨ। ਉਂਜ ਢੀਂਡਸਾ ਦੇ ਜਵਾਈ ਤੇ ਸੇਵਾਮੁਕਤ ਆਈਏਐਸ ਕੈਪਟਨ ਟੀਪੀਐਸ ਸਿੱਧੂ ਦਾ ਵੀ ਦਾਅ ਲੱਗ ਸਕਦਾ ਹੈ। ਉਹ ਪਹਿਲਾਂ ਵੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਵੀ ਮੁਹਾਲੀ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਹਨ। ਉਹ ਲਗਾਤਾਰ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹਨ।