
ਖੇਤੀਬਾੜੀ ਯੂਨੀਵਰਸਿਟੀ ਨੂੰ ਖੁੱਲ੍ਹੇ ਦਿਲ ਨਾਲ ਵਿੱਤੀ ਮਦਦ ਦੇਵੇ ‘ਆਪ’ ਸਰਕਾਰ: ਕਿਸਾਨ ਆਗੂ
ਨਰਮੇ ’ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦਾ ਹੁਣ ਤੱਕ ਨਹੀਂ ਲੱਭਿਆ ਜਾ ਸਕਿਆ ਇਲਾਜ: ਕਿਸਾਨ
ਬਾਸਮਤੀ ਦੀਆਂ ਨਵੀਆਂ ਤੇ ਪੁਰਾਣੀਆਂ ਕਿਸਮਾਂ ਨੂੰ ਝੰਡਾ ਨਿਕਲਣ ਦੀ ਬੀਮਾਰੀ ਨੂੰ ਠੱਲ੍ਹ ਨਾ ਪੈਣ ਕਾਰਨ ਕਿਸਾਨ ਚਿੰਤਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ-ਏਕਤਾ) ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੇ ਮੁੱਖ ਡਾਇਰੈਕਟਰ ਗੁਰਵਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਖੁੱਲ੍ਹੇ ਦਿਲ ਨਾਲ ਆਰਥਿਕ ਮਦਦ ਦਿੱਤੀ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਮੇਹਰ ਸਿੰਘ ਥੇੜੀ ਤੇ ਹੋਰਨਾਂ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੇਂ ਸੁਧਰੇ ਹੋਏ ਬੀਜ ਕਿਸਾਨਾਂ ਨੂੰ ਮੁਹੱਈਆ ਨਾ ਕਰਵਾਉਣ ਕਰਕੇ ਪੁਰਾਣੇ ਪ੍ਰਚੱਲਿਤ ਬੀਜਾਂ ਨੂੰ ਅਜੀਬੋ ਗਰੀਬ ਬੀਮਾਰੀਆਂ ਲੱਗ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਰੋਕਣ ਦੀ ਖੋਜ ਨਾ ਹੋਣ ਕਰਕੇ ਕਿਸਾਨੀ ਬਹੁਤ ਘਾਟੇ ਵਿੱਚ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਵਿੱਚ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਬੀਜਾਂ ਦੀਆਂ ਕੁਝ ਨਵੀਆਂ ਵਰਾਇਟੀਆਂ ਨੂੰ ਵੀ ਬੂਟਾ ਛੋਟਾ ਰਹਿਣ ਦੀ ਬੀਮਾਰੀ ਫੈਲ ਰਹੀ ਹੈ। ਖੇਤੀਬਾੜੀ ਮਾਹਰਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਸਮਤੀ ਦੀਆਂ ਨਵੀਆਂ ਅਤੇ ਪੁਰਾਣੀਆਂ ਕਿਸਮਾਂ ਨੂੰ ਝੰਡਾ ਨਿਕਲਣ ਦੀ ਬੀਮਾਰੀ ਨਹੀਂ ਰੁਕ ਰਹੀ, ਨਰਮੇ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਹੁਣ ਤੱਕ ਇਲਾਜ ਨਹੀਂ ਲੱਭਿਆ ਜਾ ਸਕਿਆ।
ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਫੈਲ ਰਹੀ ਡੰਗਰਾਂ ਦੀ ਭਿਆਨਕ ਬੀਮਾਰੀ ਲੰਪੀ ਸਕਿਨ ਦਾ ਕੋਈ ਸਾਰਥਿਕ ਇਲਾਜ ਨਹੀਂ ਨਿਕਲ ਸਕਿਆ। ਨਕਲੀ ਦਵਾਈਆਂ ਅਤੇ ਨਕਲੀ ਬੀਜਾਂ ’ਤੇ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਕਿਸਾਨੀ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਖੇਤੀਬਾੜੀ ਨਵੇਂ ਸੰਦਾ ’ਤੇ ਚੋਣਵੀਂ ਫ਼ਰਮਾਂ ਨਹੀਂ ਬਲਕਿ ਕਿਸਾਨਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀ ਮਰਜ਼ੀ ਨਾਲ ਵਧੀਆ ਅੌਜ਼ਾਰ ਜਿੱਥੋਂ ਮਰਜ਼ੀ ਲੈ ਸਕਣ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਖੇਤੀਬਾੜੀ ਯੂਨੀਵਰਸਿਟੀ ਨੂੰ ਦਿਲ ਖੋਲ੍ਹ ਕੇ ਫੰਡ ਦਿੱਤੇ ਜਾਣ ਤਾਂ ਜੋ ਖੇਤੀ ਵਿਗਿਆਨੀ ਇਨ੍ਹਾਂ ਬੀਮਾਰੀਆਂ ਅਤੇ ਮਸਲਿਆਂ ਦਾ ਇਲਾਜ ਲੱਭ ਸਕਣ।
ਇਸ ਮੌਕੇ ਯੂਨੀਅਨ ਦੇ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਜ਼ਿਲ੍ਹਾ ਮੁਹਾਲੀ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਬਹਾਦਰ ਸਿੰਘ ਨਿਆਮੀਆਂ, ਜ਼ਿਲ੍ਹਾ ਪ੍ਰੈਸ ਸਕੱਤਰ ਹਕੀਕਤ ਸਿੰਘ ਘੜੂੰਆਂ, ਜਵਾਹਰ ਸਿੰਘ ਖੇੜਾਗੱਜੂ, ਉਜਾਗਰ ਸਿੰਘ ਧਮੌਲੀ, ਗੁਰਚੇਤ ਸਿੰਘ ਜੰਡੋਲੀ, ਜਸਮੇਰ ਸਿੰਘ ਕਬੂਲਪੁਰ, ਗੁਰਜੰਟ ਸਿੰਘ ਪੋਪਨਾ, ਤਰਲੋਚਨ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ।