
ਚੋਣਾਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕਰੇਗੀ ‘ਆਪ’ ਸਰਕਾਰ: ਕੁਲਵੰਤ ਸਿੰਘ
300 ਯੂਨਿਟ ਬਿਜਲੀ ਮੁਆਫ਼ ਕਰਨ ’ਤੇ ਵਿਧਾਇਕ ਕੁਲਵੰਤ ਸਿੰਘ ਤੇ ਆਪ ਵਲੰਟੀਅਰਾਂ ਨੇ ਲੱਡੂ ਵੰਡੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਵੱਲੋਂ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ ਅਤੇ 300 ਯੂਨਿਟ ਬਿਜਲੀ ਮੁਆਫ਼ੀ ਦਾ ਐਲਾਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਅੱਜ ਤੋਂ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਹ ਪ੍ਰਗਟਾਵਾ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਅਤੇ ਆਪ ਵਲੰਟੀਅਰਾਂ ਨੇ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੱਡੂ ਵੰਡੇ ਅਤੇ ਖੁਸ਼ੀ ਵਿੱਚ ਭੰਗੜੇ ਪਾ ਕੇ ਜਸ਼ਨ ਮਨਾਇਆ।
ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਸਰਕਾਰ ਨੇ ਪਹਿਲੇ ਮਹੀਨੇ ਹੀ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਜਦੋਂਕਿ ਪੁਰਾਣੀ ਰਵਾਇਤੀ ਪਾਰਟੀਆਂ ਨੇ ਕਦੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਪੰਜ ਸਾਲ ਸੱਤਾ ਦਾ ਨਿੱਘ ਮਾਣਨ ਅਤੇ ਆਪਣੇ ਪਰਿਵਾਰਾਂ ਦੇ ਵਿਕਾਸ ਨੂੰ ਹੀ ਤਰਜ਼ੀਹ ਦਿੱਤੀ ਜਾਂਦੀ ਹੈ।
ਕੁਲਵੰਤ ਸਿੰਘ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮੁੱਦਾਹੀਣ ਦੱਸਦਿਆਂ ਕਿਹਾ ਕਿ ਹੁਣ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ। ਜਿਸ ਕਾਰਨ ਹੁਣ ਉਹ ਮੀਡੀਆ ਦੀ ਸੁਰਖ਼ੀਆ ਵਿੱਚ ਰਹਿਣ ਲਈ ਸਰਕਾਰ ਵਿਰੁੱਧ ਦੂਸ਼ਣਬਾਜ਼ੀ ਅਤੇ ਬੇਲੋੜੀ ਅਲੋਚਨਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਪੂਰੀ ਤਰ੍ਹਾਂ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਇਕ ਮਹੀਨੇ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਦਫ਼ਤਰਾਂ ਵਿੱਚ ਬਿਨਾ ਪੈਸੇ ਦਿੱਤੇ ਲੋਕਾਂ ਦੇ ਕੰਮ ਹੋ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਰਿਸ਼ਵਤ ਦਿੱਤੇ ਬਿਨਾ ਕੋਈ ਕੰਮ ਨਹੀਂ ਹੁੰਦਾ ਸੀ। ਉਨ੍ਹਾਂ ਨੇ ਇਕ ਮਹੀਨੇ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਕਰਦਿਆਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਪੂਰੀ ਤਰ੍ਹਾਂ ਸੁੱਖ ਸ਼ਾਂਤੀ ਹੈ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ, ਨਾ ਹੀ ਕਿਸੇ ਵਿਰੁੱਧ ਕੋਈ ਝੂਠਾ ਪਰਚਾ ਦਰਜ ਕਰਵਾਇਆ। ਨਾ ਹੀ ਕਿਸੇ ਪਿੰਡ ਦੀ ਸ਼ਾਮਲਾਤ ਜਾਂ ਸਰਕਾਰੀ ਜ਼ਮੀਨ ’ਤੇ ਕੋਈ ਕਬਜਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਡਾ. ਸੰਨੀ ਆਹਲੂਵਾਲੀਆ, ਵਿਨੀਤ ਵਰਮਾ, ਪ੍ਰਭਜੋਤ ਕੌਰ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ ਤੇ ਸੁਖਦੇਵ ਸਿੰਘ ਪਟਵਾਰੀ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਗੁਰਮੁੱਖ ਸਿੰਘ ਸੋਹਲ, ਸੁਰਿੰਦਰ ਸਿੰਘ ਰੋਡਾ, ਜਸਬੀਰ ਕੌਰ ਅੱਤਲੀ, ਹਰਪਾਲ ਸਿੰਘ ਚੰਨਾ, ਆਪ ਆਗੂ ਰਾਜੀਵ ਵਸ਼ਿਸ਼ਟ, ਹਰਬਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਕਸ਼ਮੀਰ ਕੌਰ, ਵਰਿੰਦਰ ਸਿੰਘ ਬੇਦੀ, ਜਸਪਾਲ ਸਿੰਘ ਕਾਊਣੀ, ਅਕਵਿੰਦਰ ਸਿੰਘ ਗੋਸਲ ਸਮੇਤ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਮੌਜੂਦ ਸਨ।