ਪੁਰਾਣੀਆਂ ਇੱਟਾਂ ਨਾਲ ਕਰ ਰਹੀ ਹੈ ਵਿਕਾਸ ‘ਆਪ’ ਸਰਕਾਰ: ਬਲਵਿੰਦਰ ਕੁੰਭੜਾ

ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ:
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦਾ ਨਵਾਂ ਵਿਕਾਸ 70 ਸਾਲਾਂ ਪੁਰਾਣੀਆਂ ਇੱਟਾਂ ਨਾਲ ਹੋ ਰਿਹਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਿੰਡ ਕੁੰਭੜਾ ਵਿੱਚ ਨਾਲੀਆਂ ਨੂੰ ਅੰਡਰ ਗਰਾਉੱਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲਗਪਗ 70 ਸਾਲ ਪਹਿਲਾਂ ਬਣੀਆਂ ਨਾਲੀਆਂ ਦੇ ਮਲਬੇ ’ਚੋਂ ਕੱਢੀਆਂ ਗਈਆਂ ਇੱਟਾਂ ਨੂੰ ਸਾਫ ਕਰਕੇ ਮੇਨ ਹੋਲ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਵਰਤਿਆ ਜਾ ਰਿਹਾ ਮਟੀਰੀਅਲ ਵੀ ਠੀਕ ਨਹੀਂ ਹੈ ਅਤੇ ਸਿਰਫ਼ ਡੰਗ ਟਪਾਊ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਾਲਮੀਕੀ ਧਰਮਸ਼ਾਲਾ ਵੀ ਪੁਰਾਣੀਆਂ ਇੱਟਾਂ ਨਾਲ ਬਣਾਈ ਗਈ ਸੀ ਅਤੇ ਉੱਥੇ ਛੇ ਮਹੀਨੇ ਬਾਅਦ ਕੰਧਾਂ ਵਿੱਚ ਤਰੇੜਾਂ ਆ ਗਈਆਂ ਸਨ। ਜਿਸ ਨਾਲ ਕਦੇ ਵੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁੰਭੜਾ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਨਗਰ ਨਿਗਮ ਦੇ ਐਸਡੀਓ ਧਰਮਿੰਦਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਘਪਲੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਪੁਰਾਣੀਆਂ ਇੱਟਾਂ ਜ਼ਰੂਰ ਵਰਤੀਆਂ ਜਾ ਰਹੀਆਂ ਹਨ ਪ੍ਰੰਤੂ ਇਹ ਇੱਟਾਂ ਪੂਰੀ ਤਰ੍ਹਾਂ ਠੀਕ ਹਨ ਅਤੇ ਇਨ੍ਹਾਂ ਇੱਟਾਂ ਬਦਲੇ ਕੋਈ ਅਦਾਇਗੀ ਨਹੀਂ ਕੀਤੀ ਜਾਣੀ ਹੈ, ਸਿਰਫ਼ ਲੇਬਰ ਰੇਟ ’ਤੇ ਹੀ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਕੁੰਭੜਾ ਨੂੰ ਵੀ ਪੂਰੀ ਗੱਲ ਸਮਝਾਈ ਗਈ ਸੀ ਪ੍ਰੰਤੂ ਉਹ ਕੁੱਝ ਸੁਣਨ ਲਈ ਤਿਆਰ ਨਹੀਂ ਹਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…