ਪੰਜਾਬ ਨੂੰ ਵਿੱਤੀ ਐਮਰਜੈਂਸੀ ਵੱਲ ਧੱਕ ਰਹੀ ਹੈ ‘ਆਪ’ ਸਰਕਾਰ: ਸਿੱਧੂ

‘ਆਪ’ ਦੇ ਵੱਡੇ-ਵੱਡੇ ਦਾਅਵਿਆਂ ਦਾ ਹੋਇਆ ਪਰਦਾਫਾਸ਼, ਮਾਲੀ ਆਮਦਨ ਘਟੀ, ਖਰਚਾ ਵਧਿਆ

ਨਬਜ਼-ਏ-ਪੰਜਾਬ, ਮੁਹਾਲੀ, 3 ਨਵੰਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਪੰਜਾਬ ਦੀ ਆਰਥਿਕਤਾ ਨੂੰ ਕੁਰਾਹੇ ਪਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੀ ਆਰਥਿਕ ਬੇਇੰਤਜ਼ਾਮੀ ਕਾਰਨ ਸੂਬੇ ਸਿਰ ਮਹਿਜ਼ ਡੇਢ ਸਾਲ ਦੌਰਾਨ 50 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੜ੍ਹ ਗਿਆ ਹੈ। ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਬਲਬੀਰ ਸਿੱਧੂ ਨੇ ਪਹਿਲੀ ਛਿਮਾਹੀ ਵਿੱਚ ਸਰਕਾਰ ਨੂੰ ਮਿਥੇ ਗਏ ਟੀਚੇ ਨਾਲੋਂ ਤਕਰੀਬਨ 1651 ਕਰੋੜ ਰੁਪਏ ਦਾ ਮਾਲੀਆ ਘੱਟ ਇਕੱਠਾ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਪਹਿਲੇ ਛੇ ਮਹੀਨਿਆਂ ਵਿਚ ਟੈਕਸਾਂ ਤੋਂ ਬਿਨਾਂ ਹੋਣ ਵਾਲੀ ਆਮਦਨ ਵੀ ਟੀਚੇ ਨਾਲੋਂ 1800 ਕਰੋੜ ਰੁਪਏ ਦੇ ਕਰੀਬ ਘੱਟ ਗਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਕੇਂਦਰੀ ਗਰਾਂਟ ਵਿੱਚ ਲਗਭਗ 61 ਫੀਸਦੀ ਦੀ ਕਮੀ ਦਾ ਜੋ ਜ਼ਿਕਰ ਮੀਡੀਆ ਰਿਪੋਰਟਾਂ ਵਿੱਚ ਹੋਇਆ ਹੈ, ਉਹ ਵੀ ਸਰਕਾਰ ਦੀ ਬੇਇੰਤਜ਼ਾਮੀ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਮਾਲੀ ਹਾਲਾਤ ਨੇ ਉਹਨਾਂ ਪੰਜਾਬੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਜਿਨ੍ਹਾਂ ਨੇ ਇਸ ਸਰਕਾਰ ਤੋਂ ਸੂਬੇ ਦੇ ਵਿਕਾਸ ਦੀਆਂ ਵੱਡੀਆਂ ਆਸਾਂ ਲਾਈਆਂ ਹੋਈਆਂ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਾੜੀ ਵਿੱਤੀ ਵਿਉਂਤਬੰਦੀ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਚੰਗੇ ਭਲੇ ਮੌਜ਼ੂਦ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਕੇ ਦਿੱਲੀ ਦੀ ਰੀਸ ਨਾਲ ‘ਆਮ ਆਦਮੀ ਕਲੀਨਿਕਾਂ‘ ਦੀ ਸਥਾਪਨਾ ਕੀਤੀ ਗਈ।
ਕਾਂਗਰਸ ਆਗੂ ਨੇ ਕਿਹਾ ਕਿ ਇਸ ਪੈਸੇ ਨਾਲ ਮੌਜੂਦਾ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਕਾਰਜ-ਕੁਸ਼ਲ ਬਣਾਇਆ ਜਾ ਸਕਦਾ ਸੀ। ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਸਪੱਸ਼ਟ ਕਰੇ ਕਿ ਕੇਂਦਰ ਸਰਕਾਰ ਦੀਆਂ ਗਰਾਂਟਾਂ ਵਿੱਚ ਭਾਰੀ ਕਮੀ ਕਿਉਂ ਹੋਈ ਹੈ ਅਤੇ ਉਹ ਕੇਂਦਰੀ ਗਰਾਂਟਾਂ ਵਿੱਚ ਪੰਜਾਬ ਦਾ ਬਣਦਾ ਹਿੱਸਾ ਲੈਣ ਲਈ ਕੀ ਯਤਨ ਕਰ ਰਹੀ ਹੈ? ਉਨ੍ਹਾਂ ਵੱਖ-ਵੱਖ ਰਾਜਾਂ ਵਿੱਚ ‘ਆਪ’ ਦੀਆਂ ਮੁਹਿੰਮਾਂ ਲਈ ਪੰਜਾਬ ਦੇ ਹੈਲੀਕਾਪਟਰ ਅਤੇ ਹਵਾਈ ਯਾਤਰਾ ਉੱਤੇ ਬੇਲੋੜਾ ਖਰਚ ਕਰਨ ਲਈ ਵੀ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।
ਬਲਬੀਰ ਸਿੱਧੂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਬੇਲੋੜੀ ਇਸ਼ਤਿਹਾਰਬਾਜ਼ੀ ’ਤੇ ਕੀਤੀ ਜਾ ਰਹੀ ਫਜ਼ੂਲਖਰਚੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰ 100 ਮੀਟਰ ਦੀ ਦੂਰੀ ’ਤੇ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਨਾਲ ‘ਪੰਜਾਬ ਰੰਗਲਾ’ ਬਣਾਇਆ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਲੋਕਾਂ ਦਾ ਸੈਂਕੜੇ ਕਰੋੜ ਬਾਹਰਲੇ ਸੂਬਿਆਂ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਕਰਨ ’ਤੇ ਰੋੜ ਦਿੱਤਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਫਜ਼ੂਲਖ਼ਰਚੀ ਅਤੇ ਬੇਇੰਤਜ਼ਾਮੀ ਕਾਰਨ ਸੂਬੇ ਦਾ ਮਾਲੀਆ ਘਾਟਾ ਵਧਣ ਦੇ ਸਿੱਟੇ ਵਜੋਂ ਸੂਬੇ ਦੇ ਲੋਕਾਂ ਸਿਰ ਹੋਰ ਕਰਜ਼ਾ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਸਰਕਾਰ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਕਾਰਾਂ ਲਈ ਉਧਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਬੁਨਿਆਦੀ ਢਾਂਚੇ ’ਤੇ ਖਰਚ ਕਰਨ ਦੀ ਸਰਕਾਰ ਦੀ ਸਮਰੱਥਾ ਹੀ ਨਹੀਂ ਰਹੀ ਅਤੇ ਇਸ ਕਾਰਨ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…