
ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਵਚਨਬੱਧ: ਧਾਲੀਵਾਲ
ਖੇਤੀਬਾੜੀ ਮੰਤਰੀ ਨੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਖ਼ੁਸ਼ਹਾਲੀ ਦੇ ਮੁੱਖ ਸੂਤਰ ਵਜੋਂ ਕੀਤਾ ਸੂਚੀਬੱਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਸਨਅਤਕਾਰਾਂ ਨੂੰ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਅਤੇ ਉਦਯੋਗਿਕ ਖੇਤਰ ਨੂੰ ਪੰਜਾਬ ਦੇ ਸਰਬਪੱਖੀ ਵਿਕਾਸ ਤੇ ਖ਼ੁਸ਼ਹਾਲੀ ਦਾ ਸੂਤਰਧਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਉਪਜਾਊ ਜ਼ਮੀਨ, ਵਧੀਆ ਗੁਣਵੱਤਾ ਵਾਲੇ ਨਹਿਰੀ ਪਾਣੀ, ਖੇਤੀ ਮਾਹਰ ਅਤੇ ਪ੍ਰਮੁੱਖ ਖੋਜਾਂ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਰੂਪ ਵਿੱਚ ਖੇਤੀ ਆਧਾਰਿਤ ਵਿੱਦਿਅਕ ਅਦਾਰੇ ਮੌਜੂਦ ਹਨ, ਇਸ ਕਰਕੇ ਨਿਵੇਸ਼ਕਾਂ ਲਈ ਪੰਜਾਬ ਇੱਕ ਢੁਕਵਾਂ ਸਥਾਨ ਹੈ।
ਡੇਅਰੀ ਫਾਰਮਿੰਗ ਦੀ ਮਹੱਤਤਾ ਦਾ ਹਵਾਲਾ ਦਿੰਦੇ ਹੋਏ ਖੇਤੀਬਾੜੀ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਮੱਛੀ ਪਾਲਣ ਦੇ ਧੁਰੇ ਵਜੋਂ ਉਭਾਰਨ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਇਸ ਦੇ ਵਿਕਾਸ ਲਈ ਢੁਕਵੇਂ ਮੰਡੀਕਰਨ ’ਤੇ ਜ਼ੋਰ ਦਿੱਤਾ। ਲੋਕਾਂ ਲਈ ਸਿਹਤਮੰਦ ਭੋਜਨ ਯਕੀਨੀ ਬਣਾਉਣ ਦੇ ਪੱਖ ’ਤੇ ਬੋਲਦਿਆਂ ਧਾਲੀਵਾਲ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਕੋਲਡ ਸਟੋਰ ਸਥਾਪਿਤ ਕਰਨ ’ਤੇ ਧਿਆਨ ਦੇਣ ਦੀ ਗੁਹਾਰ ਲਗਾਈ।
ਇਸ ਦੌਰਾਨ ਪੈਪਸੀਕੋ ਦੇ ਜਾਰਜ ਕੂਵਰ ਨੇ ਖਪਤਕਾਰਾਂ ਲਈ ਸਿਹਤਮੰਦ ਅਤੇ ਚੰਗੇ ਭੋਜਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਪੈਪਸੀਕੋ ਦਾ ਸਭ ਤੋਂ ਵੱਡਾ ਭਾਈਵਾਲ ਦੱਸਿਆ। ਉਨ੍ਹਾਂ ਕੰਪਨੀ ਦੀ ਨਿਰਮਾਣ ਪ੍ਰਕਿਰਿਆ ਵਿੱਚ ਨਵਿਆਉਣਯੋਗ ਊਰਜਾ ਦੀ ਵਰਤੋਂ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।
ਨੈਸਲੇ ਇੰਡੀਆ ਦੇ ਸੰਦੀਪ ਗੋਇਲ ਨੇ ਕਿਸਾਨ ਭਾਈਚਾਰੇ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਨੈਸਲੇ ਕਿਸਾਨਾਂ ਤੋਂ ਖ਼ਰੀਦੇ ਗਏ ਦੁੱਧ ਨੂੰ ਹਮੇਸ਼ਾ ਤਾਜ਼ਾ ਅਤੇ ਠੰਢਾ ਰੱਖਣ ਲਈ ਫਾਰਮ ਕੂਲਿੰਗ ਟੈਂਕਾਂ ਦੀ ਵਰਤੋਂ ਕਰਦਾ ਹੈ, ਬਾਇਓ ਡਾਇਜੈਸਟਰਾਂ ਦੀ ਵਰਤੋਂ ਖਾਦ ਨੂੰ ਬਾਇਓ ਗੈਸ ਵਿੱਚ ਬਦਲਣ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ ਰਾਹੀਂ ਦੁੱਧ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਵੈਲਸਪਨ ਤੋਂ ਅਨਯ ਸ਼ੁਕਲਾ ਨੇ ਲਾਜਿਸਟਿਕ ਫੈਕਟਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਥਾਈ ਗੋਦਾਮਾਂ (ਵੇਅਰਹਾਊਸਾਂ) ਜੋ ਸੂਰਜੀ ਊਰਜਾ ’ਤੇ ਆਧਾਰਿਤ ਹੈ, ਅਤੇ ਵਾਤਾਵਰਨ ਪੱਖੀ ਹਰਿਤ ਟੈਕਨਾਲੋਜੀ ਦੀ ਵਰਤੋਂ ਲਈ ਵਚਨਬੱਧ ਹੈ।