
ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਾਂਗੇ: ਕੁਲਵੰਤ ਸਿੰਘ
ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਅੌਰਤਾਂ ਦੀਆਂ ਸਮੱਸਿਆਵਾਂ ਸੁਣੀਆਂ
ਐਤਕੀਂ ਸ਼ਰਾਬ ਤੇ ਭੂ-ਮਾਫ਼ੀਆ ਨੂੰ ਮੂੰਹ ਨਹੀਂ ਲਗਾਉਣਗੇ ਮੁਹਾਲੀ ਦੇ ਲੋਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਘਰੇਲੂ ਅੌਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਆਦਿ ਰਵਾਇਤੀ ਪਾਰਟੀਆਂ ਨੂੰ ਪਰਖ ਚੁੱਕੇ ਹਨ। ਇਨ੍ਹਾਂ ਪਾਰਟੀਆਂ ਨੇ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਡੱਕਾ ਨਹੀਂ ਤੋੜਿਆ। ਜਿਸ ਕਾਰਨ ਝੂਠੇ ਲਾਰਿਆਂ ਤੋਂ ਅੱਕੇ ਲੋਕ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵਜੋਂ ਦੇਖ ਰਹੇ ਹਨ।
ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਝੁਕਾ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਐਤਕੀਂ ਮੁਹਾਲੀ ਦੇ ਲੋਕ ਸ਼ਰਾਬ ਅਤੇ ਭੂ-ਮਾਫ਼ੀਆ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਚੰਗੇ ਕਿਰਦਾਰ ਵਾਲੇ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ਵਿੱਚ ਭੇਜਣਗੇ। ਉਨ੍ਹਾਂ ਮੁਹਾਲੀ ਦਾ ਸਰਬਪੱਖੀ ਵਿਕਾਸ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਹੁਕਮਰਾਨਾਂ ਵੱਲੋਂ ਲੋਕਾਂ ਨਾਲ ਕੀਤੀਆਂ ਵਧੀਕੀਆਂ ਦਾ ਪੂਰਾ ਹਿਸਾਬ ਲਿਆ ਜਾਵੇਗਾ ਅਤੇ ਸ਼ਾਮਲਾਤ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।

ਇਸ ਮੌਕੇ ਆਪ ਆਗੂ ਵਿਨੀਤ ਵਰਮਾ, ਪ੍ਰਭਜੋਤ ਕੌਰ, ਡਾ. ਸੰਨੀ ਆਹਲੂਵਾਲੀਆ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ, ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ ਅਤੇ ਸਮਾਜ ਸੇਵੀ ਹਰਬਿੰਦਰ ਸਿੰਘ ਸੈਣੀ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਹਰਮੇਸ਼ ਸਿੰਘ ਕੁੰਭੜਾ ਵੀ ਹਾਜ਼ਰ ਸਨ।