
ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੜਾਅਵਾਰ ਲਾਗੂ ਕਰੇਗੀ ‘ਆਪ ਸਰਕਾਰ’
ਲੋਕਤੰਤਰ ਵਿੱਚ ਰਾਜ ਭਾਗ ਦੀ ਮਾਲਕ ਖ਼ੁਦ ਹੈ ਸੰਗਤ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਸੈਕਟਰ-65 ਅਤੇ ਗੁਰੂ ਨਾਨਕ ਮਾਰਕੀਟ ਵਿੱਚ ਪਹੁੰਚ ਕੇ ਆਮ ਲੋਕਾਂ, ਅੌਰਤਾਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਦੇ ਲੋਕਾਂ ਦੇ ‘ਆਪ’ ਦੇ ਹੱਕ ਵਿੱਚ ਕ੍ਰਾਂਤੀਕਾਰੀ ਫਤਵਾ ਦਿੱਤਾ ਹੈ ਅਤੇ ਹੁਣ ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਅਤੇ ਚੋਣ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਚੋਣ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਹੀ ਦਿਨ ਜਿੱਥੇ 25 ਹਜ਼ਾਰ ਨੌਕਰੀਆਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਆਪਣਾ ਹਰਾ ਪੈੱਨ ਚਲਾਇਆ, ਉੱਥੇ 300 ਯੂਨਿਟ ਬਿਜਲੀ ਮੁਆਫ਼ ਕੀਤੀ ਗਈ ਹੈ। ਅੱਜ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਲਗਪਗ ਖ਼ਤਮ ਹੋ ਗਿਆ ਹੈ ਜਦੋਂਕਿ ਅਕਾਲੀ ਦਲ ਅਤੇ ਕਾਂਗਰਸ ਦੇ ਸ਼ਾਸਨ ਸਮੇਂ ਬਿਨਾਂ ਰਿਸ਼ਵਤ ਦਿੱਤੇ ਕੋਈ ਕੰਮ ਨਹੀਂ ਸੀ ਹੁੰਦਾ। ਸੂਬੇ ਦੇ ਲੋਕ ਸਰਕਾਰ ਦੀ ਸਵਾ ਮਹੀਨੇ ਦੀ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਨ ਅਤੇ ਉਨ੍ਹਾਂ ਨੂੰ ਬਾਕੀ ਰਹਿੰਦੇ ਮਸਲੇ ਵੀ ਜਲਦੀ ਹੱਲ ਹੋਣ ਦੀ ਉਮੀਦ ਹੈ। ‘ਆਪ’ ਆਗੂ ਨੇ ਕਿਹਾ ਕਿ ਲੋਕਤੰਤਰ ਵਿੱਚ ਰਾਜਭਾਗ ਦੇ ਅਸਲੀ ਮਾਲਕ ਲੋਕ ਖ਼ੁਦ ਹਨ। ਇਸ ਦੌਰਾਨ ਅੌਰਤਾਂ ਨੇ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਚੇਤੇ ਕਰਵਾਉਂਦਿਆਂ ਉਨ੍ਹਾਂ ਦੇ ਖਾਤਿਆਂ ਵਿੱਚ ਜਲਦੀ ਪੈਨਸ਼ਨ ਰੂਪੀ ਹਜ਼ਾਰ ਰੁਪਏ ਪਾਉਣ ਦੀ ਮੰਗ ਕੀਤੀ ਅਤੇ ਸ਼ਹਿਰ ਦੀ ਮਾੜੀ ਸਫ਼ਾਈ ਵਿਵਸਥਾ ਅਤੇ ਸਟਰੀਟ ਕਰਾਈਮ ਦਾ ਮੁੱਦਾ ਚੁੱਕਿਆ।
ਇਸ ਮੌਕੇ ਪਰਮਜੀਤ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਸਵਿੰਦਰ ਕੌਰ, ਪਰਵਿੰਦਰ ਕੌਰ, ਸਵਰਨ ਕੌਰ, ਨਰਿੰਦਰ ਕੌਰ, ਮਨਦੀਪ ਕੌਰ ਅਤੇ ਮਨਵੀਰ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।