‘ਆਪ’ ਸਰਕਾਰ ਦੇ ਝੂਠੇ ਲਾਰੇ ਅੱਧੇ ਵਿਆਹੇ-ਅੱਧੇ ਕੁਆਰੇ: ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਦੇ ਇੱਕ ਸਾਲ ਦੇ ਸ਼ਾਸਨ ਵਿੱਚ ਨਾ ਤਨਖ਼ਾਹ ਅਨਾਮਲੀ ਦੂਰ ਹੋਈ ਤੇ ਨਾ ਹੀ ਪੱਕੇ ਹੋਣ ਦੇ ਆਰਡਰ ਮਿਲੇ

ਬਿਨਾਂ ਕਿਸੇ ਪੱਤਰ ਦੇ ਤਨਖ਼ਾਹ ’ਚੋਂ ਪ੍ਰਤੀ ਮਹੀਨਾ 5000 ਰੁਪਏ ਦੀ ਕਟੌਤੀ ਤੋਂ ਕੱਚੇ ਕਾਮੇ ਅੌਖੇ

ਸਿੱਖਿਆ ਮੰਤਰੀ ਦੇ ਓਐਸਡੀ ਤੇ ਡੀਜੀਐਸਈ ਵੱਲੋਂ ਵੀਰਵਾਰ ਨੂੰ ਅੱਜ 11 ਵਜੇ ਮੀਟਿੰਗ ਸੱਦ ਕੇ ਮਸਲੇ ਹੱਲ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਪੰਜਾਬ ਦੀ ਆਪ ਸਰਕਾਰ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮਿਆਂ ਨੇ ਬੁੱਧਵਾਰ ਨੂੰ ਸਿੱਖਿਆ ਭਵਨ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਹੁਕਮਰਾਨਾਂ ਅਤੇ ਉੱਚ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ। ਮੁਲਾਜ਼ਮ ਆਗੂ ਕੁਲਦੀਪ ਸਿੰਘ, ਪ੍ਰਵੀਨ ਸ਼ਰਮਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਜਗਮੋਹਨ ਸਿੰਘ ਅਤੇ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਦੁਖੀ ਪੰਜਾਬ ਦੇ ਲੋਕਾਂ ਖਾਸ ਕਰਕੇ ਮੁਲਾਜ਼ਮ ਵਰਗ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਸੀ ਅਤੇ ਆਪ ਲੀਡਰਸ਼ਿਪ ਨੇ ਵੀ ਬਦਲਾਅ ਲਿਆਉਣ ਅਤੇ ਪਹਿਲੀ ਕੈਬਨਿਟ ਵਿੱਚ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦੇ ਕੇ ਵੋਟਾਂ ਬਟੋਰੀਆਂ ਸਨ ਲੇਕਿਨ ਹੁਣ ਤੱਕ ਕੱਚੇ ਕਾਮਿਆਂ ਦੇ ਕੁੱਝ ਵੀ ਪੱਲੇ ਨਹੀਂ ਪਿਆ। ਹੁਕਮਰਾਨ ਸਾਲ ਭਰ ਤੋਂ ਝੂਠ ਬੋਲ ਕੇ ਡੰਗ ਟਪਾਉਂਦੇ ਆ ਰਹੇ ਹਨ। ਉਹ ਪਿਛਲੇ 1 ਸਾਲ ਤੋਂ ਪੂਰੀ ਤਨਖ਼ਾਹ ਅਤੇ ਪੱਕੇ ਹੋਣ ਦੇ ਆਰਡਰ ਮਿਲਣ ਦੀ ਉਡੀਕ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਟਵੀਟ ਕਰਕੇ ਕਹਿ ਰਹੇ ਹਨ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਤਨਖ਼ਾਹ ਅਨਾਮਲੀ ਚੱਲ ਰਹੀ ਹੈ, ਇਕ ਹੀ ਦਫ਼ਤਰ ਵਿੱਚ ਇਕ ਹੀ ਕਾਡਰ ਦੇ ਮੁਲਾਜ਼ਮ ਨੂੰ ਵੱਖੋ-ਵੱਖਰੇ ਤਨਖ਼ਾਹ ਸਕੇਲ ਦਿੱਤੇ ਜਾ ਰਹੇ ਹਨ। ਪਿਛਲੇ ਸਾਲ 15 ਜੂਨ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਉਨ੍ਹਾਂ ਨੇ ਤਨਖ਼ਾਹ ਅਨਾਮਲੀ ਨੂੰ ਦੂਰ ਕਰਕੇ ਤੁਰੰਤ ਤਨਖ਼ਾਹਾਂ ਸਬੰਧੀ ਫੰਡ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵੀ ਸਮੇਂ-ਸਮੇਂ ’ਤੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਬੀਤੀ 16 ਮਈ ਨੂੰ ਸਿੱਖਿਆ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਤੁਰੰਤ ਤਨਖ਼ਾਹ ਕਟੌਤੀ ਦੂਰ ਕਰਨ ਦੇ ਆਦੇਸ਼ ਦਿੱਤੇ ਸਨ ਪਰ ਕੋਈ ਅਮਲ ਨਹੀਂ ਹੋਇਆ ਅਤੇ ਬਿਨਾਂ ਕਿਸੇ ਪੱਤਰ ਦੇ ਤਨਖ਼ਾਹ ’ਚੋਂ ਪ੍ਰਤੀ ਮਹੀਨਾ 5 ਹਜ਼ਾਰ ਦੀ ਕਟੌਤੀ ਕੀਤੀ ਜਾ ਰਹੀ ਹੈ। ਇੰਜ ਹੀ ਪਿਛਲੇ ਸਾਲ ਸਰਕਾਰ ਨੇ 5 ਸਤੰਬਰ ਨੂੰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਅਤੇ 7 ਅਕਤੂਬਰ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਪਰ ਹੁਣ ਤੱਕ ਦਫ਼ਤਰੀ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਆਰਡਰ ਨਹੀਂ ਮਿਲੇ। ਜਿਸ ਕਾਰਨ ਅੱਜ ਉਨ੍ਹਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਇਸੇ ਦੌਰਾਨ ਮੁਹਾਲੀ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਆਗੂਆਂ ਦੀ ਸਿੱਖਿਆ ਮੰਤਰੀ ਦੇ ਓਐਸਡੀ ਅਤੇ ਡੀਜੀਐਸਈ ਨਾਲ ਮੀਟਿੰਗ ਕਰਵਾਈ ਗਈ। ਇਸ ਮੌਕੇ ਤਨਖ਼ਾਹ ਅਨਾਮਲੀ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਚਰਚਾ ਕੀਤੀ ਗਈ। ਓਐਸਡੀ ਅਤੇ ਡੀਜੀਐਸਈ ਨੇ ਭਲਕੇ ਵੀਰਵਾਰ ਨੂੰ ਸਵੇਰੇ 11 ਵਜੇ ਜਥੇਬੰਦੀ ਨਾਲ ਮੀਟਿੰਗ ਕਰਨ ਅਤੇ ਜਾਇਜ਼ ਮੰਗਾਂ ਦਾ ਨਿਬੇੜਾ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…