
‘ਆਪ’ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ: ਚੰਦੂਮਾਜਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪਹਿਲੇ 6 ਮਹੀਨਿਆਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਤੇ ਵਿਦਿਆ ਦੇ ਖੇਤਰ ਵਿੱਚ ਉੱਤਮ ਸੁਧਾਰ, ਚੰਗਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਅਤੇ ਭ੍ਰਿਸ਼ਟਾਚਾਰ ਦਾ ਖ਼ਤਮਾ ਕਰਨ ਆਦਿ ਅਨੇਕਾਂ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਲੋਕਾਂ ਵਿੱਚ ਆਪਣਾ ਆਧਾਰ ਗੁਆ ਬੈਠੀ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਅਤੇ ਸਿਹਤ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲਾ ਪੰਜਾਬ ਅੱਜ ਦਿੱਲੀ ਮਾਡਲ ਦੀ ਬਦੌਲਤ 10 ਵੇਂ ਨੰਬਰ ਤੋਂ ਵੀ ਖਿਸਕ ਗਿਆ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਆਪ ਸੂਬੇ ਦੀ ਪਹਿਲੀ ਅਜਿਹੀ ਸਰਕਾਰ ਹੈ, ਜਿਸ ਦੁਆਰਾ ਪਹਿਲੇ 6 ਮਹੀਨਿਆਂ ਵਿੱਚ ਲਏ ਅੱਧੀ ਦਰਜਨ ਤੋਂ ਵੀ ਵੱਧ ਫ਼ੈਸਲੇ ਮਾਨਯੋਗ ਹਾਈਕੋਰਟ ਦੁਆਰਾ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਬਾਰ ਹੋਇਆ ਜਦੋਂ ਪੰਜਾਬ ਦੇ ਗਵਰਨਰ ਵੱਲੋਂ ਜਨਤਕ ਤੌਰ ‘ਤੇ ਸੂਬੇ ਅੰਦਰ ਚੱਲ ਰਹੇ ਨਸ਼ਾ ਕਾਰੋਬਾਰ ਵਿੱਚ ਪੁਲੀਸ ਦੀ ਮਿਲੀਭੁਗਤ ਅਤੇ ਨਾਜਾਇਜ਼ ਮਾਈਨਿੰਗ ਆਦਿ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਗਿਆ। ਅਜਿਹੇ ਸਮੇਂ ’ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਟੀ ਚੁੱਪ ਸੂਬੇ ਲਈ ਚਿੰਤਾ ਦਾ ਵਿਸ਼ਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜ ਸਭਾ ਅੰਦਰ ਚੁਣ ਕੇ ਭੇਜੇ ਬਹੁਗਿਣਤੀ ਮੈਂਬਰ ਦੂਜਿਆਂ ਰਾਜਾਂ ਦੇ ਹਨ। ਅਜਿਹੇ ਰਾਜ ਸਭਾ ਮੈਂਬਰ ਚੰਗੀ ਤਰ੍ਹਾਂ ਸੂਬੇ ਦੇ ਮਸਲਿਆਂ ਬਾਰੇ ਜਾਣੂ ਨਾ ਹੋਣ ਕਰਕੇ ਸਦਨ ਅੰਦਰ ਪੰਜਾਬ ਦੇ ਮਸਲਿਆਂ ਦੀ ਪੈਰਵਾਈ ਕਰਨ ਤੋਂ ਅਸਮੱਰਥ ਹਨ। ਅਖੀਰ ‘ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀ ਆਪ ਸਰਕਾਰ ਸੂਬੇ ਤੋਂ ਬਾਹਰ ਦੇ ਲੋਕਾਂ ਲਈ ਨੌਕਰੀਆਂ ਦੇ ਗੱਫ਼ੇ ਵੰਡ ਰਹੀ ਹੈ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਵਲਜੀਤ ਸਿੰਘ ਰੂਬੀ, ਕਿਸਾਨ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਹਰਦੀਪ ਸਿੰਘ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੱਧੂ ਆਦਿ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।