Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਮੰਨੇਗੀ ‘ਆਪ’ ਦੀ ਸਰਕਾਰ: ਅਰਵਿੰਦ ਕੇਜਰੀਵਾਲ ਟਰਾਂਸਪੋਰਟਰਾਂ ਅਤੇ ਟਰੱਕ ਓਪਰੇਟਰਾਂ ਦੀ ਭਾਗੀਦਾਰੀ ਨਾਲ ਬਣੇਗਾ ਸਰਕਾਰੀ ਕਮਿਸ਼ਨ, ਸਿਫ਼ਾਰਸ਼ਾਂ ਹੋਣਗੀਆਂ ਲਾਗੂ ਕੇਜਰੀਵਾਲ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੇ ਧਰਨੇ ਵਿੱਚ ਕੀਤੀ ਸ਼ਿਰਕਤ ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ/ਮੋਹਾਲੀ/ਚੰਡੀਗੜ੍ਹ, 30 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਟਰੱਕ ਓਪਰੇਟਰਾਂ ਨਾਲ ਵਾਅਦਾ ਕੀਤਾ ਕਿ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ। ਟਰਾਂਸਪੋਰਟ ਮਾਫ਼ੀਆ ਖ਼ਤਮ ਕੀਤਾ ਜਾਵੇਗਾ। ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੀ ਭਾਗੀਦਾਰੀ ਵਾਲਾ ਇੱਕ ਕਮਿਸ਼ਨ ਬਣਾਇਆ ਜਾਵੇਗਾ, ਜਿਸ ਦੇ ਫ਼ੈਸਲਿਆਂ ਨੂੰ ‘ਆਪ’ ਦੀ ਸਰਕਾਰ ਲਾਗੂ ਕਰੇਗੀ। ਕੇਜਰੀਵਾਲ ਨੇ ਇਹ ਐਲਾਨ ਜ਼ੀਰਕਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ‘ਤੇ ਬੈਠੇ ਟਰੱਕ ਓਪਰੇਟਰਾਂ ਨੂੰ ਸੰਬੋਧਨ ਕਰਦਿਆਂ ਕੀਤਾ, ਜੋ ਅੱਜ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਟਰਾਂਸਪੋਰਟਰਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਸਨ। ਵੀਰਵਾਰ ਨੂੰ ਟਰੱਕ ਓਪਰੇਟਰਾਂ ਦੇ ਧਰਨੇ ਵਿੱਚ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਣ ਤੋਂ ਬਾਅਦ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਟਰੱਕ ਓਪਰੇਟਰਾਂ ਦੀਆਂ ਸਾਰੀਆਂ ਮੰਗਾਂ ਮੰਨਦੀ ਹੈ ਅਤੇ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ, ”ਮੈਂ ਤੁਹਾਡਾ ਭਰਾ ਬਣ ਕੇ ਤੁਹਾਡੇ ਕੋਲ਼ ਆਇਆ ਹਾਂ, ਕੋਈ ਰਾਜਨੀਤਿਕ ਆਗੂ ਬਣ ਕੇ ਨਹੀਂ। ਜੇ ਮੈਂ ਤੁਹਾਡੀਆਂ ਸਮੱਸਿਆਵਾਂ ਹੱਲ ਕਰ ਦੇਵਾਂ, ਤੁਹਾਡਾ ਰੋਜ਼ਗਾਰ ਬਚਾਅ ਦੇਵਾਂ ਤਾਂ ਇਹ ਮੇਰਾ ਸੁਭਾਗ ਹੋਵੇਗਾ। ਇਸ ਦੇ ਲਈ ਮੈਨੂੰ ਤੁਹਾਡੀ ਲੋੜ ਹੈ। ਇਸ ਲਈ ਇੱਕ ਮੌਕਾ ‘ਆਪ’ ਨੂੰ ਦੇਵੋ। ਫਿਰ ਤੁਹਾਨੂੰ ਧਰਨੇ ਪ੍ਰਦਰਸ਼ਨਾਂ ‘ਤੇ ਬੈਠਣਾ ਨਹੀਂ ਪਵੇਗਾ।” ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਦਿੱਲੀ ਸੂਬੇ ਨਾਲ ਸੰਬੰਧਿਤ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦਿਆਂ ਕੇਜਰੀਵਾਲ ਨੇ ਟਰੱਕ ਓਪਰੇਟਰਾਂ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਤਾਂ ਜੋ ਟਰਾਂਸਪੋਰਟਰਾਂ ਅਤੇ ਦਿੱਲੀ ਦੇ ਅਧਿਕਾਰੀਆਂ ਦੀ ਬੈਠਕ ਕਰਕੇ ਉਚਿੱਤ ਹੱਲ ਕੀਤਾ ਜਾਵੇ। ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਦਾ ਵਾਅਦਾ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ”ਪੰਜਾਬ ‘ਚ ਟਰਾਂਸਪੋਰਟ ਸੈਕਟਰ ਲਈ 10 ਤੋਂ 15 ਮੈਂਬਰਾਂ ਦਾ ਇੱਕ ਕਮਿਸ਼ਨ ਬਣਾਇਆ ਜਾਵੇਗਾ, ਜਿਸ ਵਿੱਚ ਸੂਬੇ ਦੀਆਂ ਟਰਾਂਸਪੋਰਟਰ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਹ ਕਮਿਸ਼ਨ ਹੀ ਨਵੀਂ ਟਰਾਂਸਪੋਰਟ ਪਾਲਿਸੀ ਬਣਾਏਗਾ ਨਾ ਕਿ ਏ.ਸੀ. ਕਮਰਿਆਂ ਵਿੱਚ ਬੈਠੇ ਅਧਿਕਾਰੀ ਅਤੇ ਮੰਤਰੀ ਬਣਾਉਣਗੇ। ‘ਆਪ’ ਦੀ ਸਰਕਾਰ ਇਸ ਕਮਿਸ਼ਨ ਦੇ ਫ਼ੈਸਲਿਆਂ ਨੂੰ ਲਾਗੂ ਕਰੇਗੀ ਤਾਂ ਜੋ ਟਰੱਕ ਓਪਰੇਟਰਾਂ ਸਮੇਤ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਸਮੇਂ- ਸਮੇਂ ਸਿਰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਹੁੰਦਾ ਰਹੇ।” ਕੇਜਰੀਵਾਲ ਨੇ ਮੰਗ ਪੱਤਰ ਵਿੱਚ ਦੱਸੀਆਂ ਮੰਗਾਂ ਪ੍ਰਵਾਨ ਕਰਦਿਆਂ ਕਿਹਾ ਕਿ ਟਰਾਂਸਪੋਰਟ ਖੇਤਰ ਵਿੱਚੋਂ ਠੇਕੇਦਾਰੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਓਵਰ ਲੋਡਿੰਗ ਬੰਦ ਹੋਣੀ ਚਾਹੀਦੀ ਹੈ। ਕਿੱਲੋਮੀਟਰ ਪਾਲਿਸੀ ਲਾਗੂ ਹੋਣੀ ਚਾਹੀਦੀ ਹੈ ਅਤੇ ਕੋਵਿਡ ਕਾਲ ਸਮੇਂ ਦੇ ਸਾਰੇ ਟੈਕਸ ਮੁਆਫ਼ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੇ ਹੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਸੀ ਅਤੇ ਪੰਜਾਬ ਵਿਚੋਂ ਪਾਰਟੀ ਦੇ ਚਾਰ ਲੋਕ ਸਭਾ ਮੈਂਬਰ ਜਿਤਾ ਕੇ ਦਿੱਲੀ ਭੇਜੇ ਸਨ। ‘ਆਪ’ ਦੇ ਕੌਮੀ ਕਨਵੀਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਪਾਰੀਆਂ ਅਤੇ ਟਰੱਕ ਓਪਰੇਟਰਾਂ ਵਿਚਕਾਰ ਟੱਕਰਾਅ ਚੱਲ ਰਿਹਾ ਹੈ ਅਤੇ ਇਸ ਟੱਕਰਾਅ ਨੂੰ ‘ਆਪ’ ਦੀ ਸਰਕਾਰ ਖ਼ਤਮ ਕਰੇਗੀ ਤਾਂ ਜੋ ਵਪਾਰੀ ਆਪਣਾ ਵਪਾਰ ਕਰਨ ਅਤੇ ਟਰੱਕ ਓਪਰੇਟਰ ਵੀ ਆਪਣਾ ਰੋਜ਼ਗਾਰ ਚੱਲਦਾ ਰੱਖਣ। ਉਨ੍ਹਾਂ ਕਿਹਾ ਕਿ ਵਪਾਰ ਵਧਣ ਦੇ ਨਾਲ ਟਰਾਂਸਪੋਰਟ ਦਾ ਕਾਰੋਬਾਰ ਵੀ ਵਧੇਗਾ। ਇਸ ਲਈ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ, ਜਿਵੇਂ ਉਨ੍ਹਾਂ ਦਿੱਲੀ ਵਿਚੋਂ ਖ਼ਤਮ ਕੀਤਾ ਹੈ। ਭਾਵੇਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣ ਕੇ ਦਿੱਲੀ ਸਰਕਾਰ ਕੋਲੋਂ ਸ਼ਕਤੀਆਂ ਖੋਹ ਲਈਆਂ ਹਨ, ਪਰ ਫਿਰ ਵੀ ਦਿੱਲੀ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਚੰਗੀ ਅਤੇ ਸਸਤੀ ਸਿੱਖਿਆ, ਇਲਾਜ, ਬਿਜਲੀ, ਮੁਫ਼ਤ ਪਾਣੀ ਸਮੇਤ ਹੋਰ ਵੀ ਸਹੂਲਤਾਂ ਦਿੱਤੀਆਂ ਹਨ। ਜਿਹੜੀਆਂ ਸਹੂਲਤਾਂ ਦਿੱਲੀ ਵਾਸੀਆਂ ਮਿਲਦੀਆਂ ਹਨ, ਪੰਜਾਬ ਦੇ ਲੋਕਾਂ ਨੂੰ ‘ਆਪ’ ਦੀ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਡੇਰਾਬਸੀ ਤੋਂ ਪਾਰਟੀ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ ਅਤੇ ਟਰੱਕ ਓਪਰੇਟਰਾਂ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਨਮਾਨ ਵੀ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ